ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 15 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14.7.2022 ਨੂੰ ਪਿੰਡ ਰਾਏਪੁਰ (ਥਾਣਾ ਜੌੜਕੀਆਂ) ਵਿਖੇ ਦਰਜ਼ ਹੋਏ ਕਤਲ ਦੇ ਮੁਕੱਦਮੇ ਨੂੰ ਕੁਝ ਹੀ ਘੰਟਿਆ ਅੰਦਰ ਸੁਲਝਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਮੁਲਜ਼ਮ ਪਾਸੋਂ ਵਰਤਿਆ ਆਲਾਜਰਬ ਘੋਟਨਾ, ਇੱਕ ਡੀਵੀਆਰ ਅਤੇ ਜੇਵਰਾਤ ਸੋਨਾ/ਚਾਂਦੀ ਬਰਾਮਦ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਮਿਤੀ 14.07.2022 ਨੂੰ ਥਾਣਾ ਜੌੜਕੀਆਂ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਰਾਏਪੁਰ ਵਿਖੇ ਇੱਕ ਔਰਤ ਦਾ ਕਤਲ ਹੋ ਗਿਆ ਹੈ। ਇਤਲਾਹ ਮਿਲਣ ਤੇ ਤੁਰੰਤ ਗੋਬਿੰਦਰ ਸਿੰਘ ਡੀਐਸਪੀ (ਸ:ਡ:) ਸਰਦੂਲਗੜ੍ਹ ਅਤੇ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਜੌੜਕੀਆਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ। ਜਿੱਥੇ ਮੁਦਈ ਮਿੱਠੂ ਰਾਮ ਉਰਫ ਜਸਪਾਲ ਸਿੰਘ ਪੁੱਤਰ ਵੀਰ ਚੰਦ ਵਾਸੀ ਨੰਗਲ ਥਾਣਾ ਰਤੀਆ (ਹਰਿਆਣਾ) ਦੇ ਬਿਆਨ ਪਰ ਮੁਕੱਦਮਾ ਨੰਬਰ 38 ਮਿਤੀ 14.07.2022 ਅ/ਧ 302 ਹਿੰ:ਦੰ: ਥਾਣਾ ਜੌੜਕੀਆਂ ਦਰਜ਼ ਰਜਿਸਟਰ ਕਰਕੇ ਪੁਲਿਸ ਪਾਰਟੀ ਵੱਲੋੋਂ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਸ਼ੱਕ ਦੀ ਸੂਈ ਮ੍ਰਿਤਕ ਦੇ ਘਰਵਾਲੇ ਸ਼ਤੀਸ ਕੁਮਾਰ ਪੁੱਤਰ ਰਾਮ ਲਾਲ ਵਾਸੀ ਰਾਏਪੁਰ ਵੱਲ ਜਾਣ ਕਰਕੇ ਮੁਲਜ਼ਮ ਸ਼ਤੀਸ ਕੁਮਾਰ ਨੂੰ ਤੁਰੰਤ ਕਾਬੂ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਜਿਸਨੇ ਮੰਨਿਆ ਕਿ ਇਹ ਕਤਲ ਉਸ ਵੱਲੋੋ ਹੀ ਕੀਤਾ ਗਿਆ ਹੈ। ਜਿਸਦੀ ਨਿਸ਼ਾਨਦੇਹੀ ਤੇ ਉਸ ਪਾਸੋੋਂ ਆਲਜਰਬ ਘੋਟਨਾ, ਇੱਕ ਡੀਵੀਆਰ ਅਤੇ ਜੇਵਰਾਤ ਸੋਨਾਂ/ ਚਾਂਦੀ ਬਰਾਮਦ ਕਰਵਾਏ ਗਏ। ਮੁਕੱਦਮਾ ਦੀ ਮੁਢਲੀ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਿਮ ਆਰਥਿਕ ਪੱਖੋ ਟੁੱਟਿਆ ਹੋਇਆ ਸੀ, ਜੋੋ ਆਪਣੀ ਪਤਨੀ ਦੇ ਗਹਿਣੇ ਵੇਚਣ ਦੀ ਤਾਕ ਵਿੱਚ ਸੀ ਅਤੇ ਜਿਸਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਪਲਾਨ ਪਹਿਲਾਂ ਹੀ ਬਣਾਇਆ ਹੋਇਆ ਸੀ। ਜਿਸ ਕਰਕੇ ਉਸਨੇ ਪਹਿਲਾਂ ਆਪਣੇ ਲੜਕੇ ਅਤੇ ਲੜਕੀ ਨੂੰ ਕੋਈ ਨਸ਼ੀਲੀ ਚੀਜ ਦੇ ਕੇ ਸੁਲਾ ਦਿੱਤਾ ਅਤੇ ਫਿਰ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰਨ ਦੀ ਕੋਸਿਸ਼ ਕੀਤੀ, ਪਰ ਜਦ ਨਾ ਮਰੀ ਤਾਂ ਘਰ ਵਿੱਚ ਪਿਆ ਘੋੋਟਨਾ ਚੁੱਕ ਕੇ ਸਿਰ ਵਿੱਚ ਮਾਰ ਕੇ ਉਸਦਾ ਕਤਲ ਕਰ ਦਿੱਤਾ।
ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮੇ ਦੀ ਤਫਤੀਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ।

