ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਾਰੈਂਸ ਅਤੇ ਬੰਬੀਹਾ ਗੈਂਗ ਦੀ ਗੈਂਗਵਾਰ ਵਿੱਚ ਭੇਟ ਚੜ੍ਹ ਗਿਆ। ਮੂਸੇਵਾਲਾ ਦਾ ਖੁਦ ਕਿਸੇ ਗਿਰੋਹ ਨਾਲ ਸਬੰਧ ਨਹੀਂ ਸੀ। ਫਿਰ ਵੀ ਲਾਰੈਂਸ ਗੈਂਗ ਮੂਸੇਵਾਲਾ ਦੇ ਗੀਤਾਂ ਤੋਂ ਨਾਰਾਜ਼ ਸੀ। ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਮੂਸੇਵਾਲਾ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੀ ਤਾਰੀਫ ਕਰਦਾ ਹੈ। ਇਸ ਤੋਂ ਇਲਾਵਾ ਆਪਣੇ ਗੀਤਾਂ ਵਿੱਚ ਵੀ ਲਾਰੈਂਸ ਗੈਂਗ ਨੂੰ ਚੁਣੌਤੀ ਦਿੰਦਾ ਹੈ।

ਲਾਰੈਂਸ ਨੇ ਇਹ ਗੱਲਾਂ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਕਹੀਆਂ ਹਨ। ਹਾਲਾਂਕਿ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਲਾਰੈਂਸ ਗਿਰੋਹ ਦੀਆਂ ਅੱਖਾਂ ‘ਚ ਰੜਕਣ ਲੱਗਾ। ਇਸ ਤੋਂ ਬਾਅਦ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਨੇ ਲੈਜੇਂਡ ਗੀਤ ਗਾਇਆ ਸੀ, ਜਿਸ ਵਿਚ ਮੋਹਾਲੀ ਦੀ ਇਕ ਪੌਸ਼ ਕਲੋਨੀ ਦਾ ਨਾਮ ਲੈਂਦਿਆਂ ਕਿਹਾ ਗਿਆ ਸੀ ਕਿ ਉੱਥੇ ਰਹਿਣ ਵਾਲੇ ਮੇਰਾ ਕੁਝ ਨਹੀਂ ਕਰ ਸਕਦੇ। ਇਸ ਕਾਲੋਨੀ ਵਿੱਚ ਰਹਿਣ ਵਾਲੇ ਲਾਰੈਂਸ ਦੇ ਕਰੀਬੀ ਦੋਸਤਾਂ ਬਾਰੇ ਵੀ ਚਰਚੇ ਹੁੰਦੇ ਰਹੇ ਹਨ। ਫਿਰ ਮੂਸੇਵਾਲਾ ਨੇ ‘ਬੰਬੀਹਾ ਬੋਲੇ’ ਗੀਤ ਗਾਇਆ। ਭਾਵੇਂ ਬੰਬੀਹਾ ਪੰਜਾਬ ਦਾ ਮਸ਼ਹੂਰ ਪੰਛੀ ਹੈ ਪਰ ਗੀਤ ਦੇ ਬੋਲ ਅਤੇ ਵੀਡੀਓ ਤੋਂ ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਮੂਸੇਵਾਲਾ ਨੇ ਬੰਬੀਹਾ ਗੈਂਗ ਦੀ ਖੁੱਲ੍ਹੇ ਤੌਰ ‘ਤੇ ਤਾਰੀਫ਼ ਕੀਤੀ ਸੀ।

ਇਸ ਦੌਰਾਨ ਲਾਰੈਂਸ ਗੈਂਗ ਕੋਈ ਵੱਡੀ ਵਾਰਦਾਤ ਨਹੀਂ ਕਰ ਸਕਿਆ, ਜਿਸ ਕਰਕੇ ਬੰਬੀਹਾ ਗੈਂਗ ਦਾ ਡਰ ਵਧਦਾ ਜਾ ਰਿਹਾ ਸੀ। ਲਾਰੈਂਸ ਗੈਂਗ ਦਾ ਦਬਦਬਾ ਘਟ ਰਿਹਾ ਸੀ। ਲਾਰੈਂਸ ਨੂੰ ਪਤਾ ਸੀ ਕਿ ਜੇ ਮੂਸੇਵਾਲਾ ਮਾਰਿਆ ਗਿਆ ਤਾਂ ਉਸ ਦੀ ਪ੍ਰਸਿੱਧੀ ਕਾਰਨ ਗੈਂਗ ਦਾ ਨਾਂ ਵੀ ਬੁਲੰਦ ਹੋ ਜਾਵੇਗਾ। ਇਸੇ ਲਈ ਕਤਲ ਤੋਂ ਕੁਝ ਘੰਟਿਆਂ ਬਾਅਦ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲੈ ਲਈ।

