ਵਪਾਰੀ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਉਪਰੰਤ ਨਕਦੀ ਲੁੱਟ ਹੋ ਕੇ ਹੋਏ ਸਨ ਫਰਾਰ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੁਲਿਸ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਬੀਤੇ ਦਿਨੀਂ ਹੋਈ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 3 ਵਿਅਕਤੀਆਂ ਨੂੰ ਨਕਦੀ ਅਤੇ ਨਜਾਇਜ਼ ਅਸਲੇ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਡੀ.ਆਈ.ਜੀ. ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ 27 ਜੂਨ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਵਪਾਰੀ ਦੇ ਦਫਤਰ ‘ਚ ਮੌਜੂਦ ਪਰਮਿੰਦਰ ਸਿੰਘ ਨਾਮਕ ਕਰਮਚਾਰੀ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਉਸਦੇ ਢਿੱਡ ‘ਚ ਗੋਲੀ ਮਾਰ ਕੇ 8 ਲੱਖ 90 ਹਜ਼ਾਰ ਰੁਪਏ ਦੀ ਨਕਦੀ ਖੋਹਣ ਉਪਰੰਤ 3 ਅਣਪਛਾਤੇ ਵਿਅਕਤੀ ਫਰਾਰ ਹੋ ਗਏ ਸਨ ਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਡਾ.ਰਵਜੋਤ ਗਰੇਵਾਲ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ ਜਿਸ ਵੱਲੋਂ ਮਾਮਲੇ ਨੂੰ ਵਿਗਿਆਨਿਕ ਢੰਗ ਨਾਲ ਸੁਲਝਾਉਂਦਿਆਂ 12/13 ਜੁਲਾਈ ਦੀ ਦਰਮਿਆਨੀ ਰਾਤ ਨੂੰ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕਥਿਤ ਵਿਅਕਤੀਆਂ ਜਗਮੇਲ ਸਿੰਘ ਉਰਫ ਬੱਬੂ ਵਾਸੀ ਪਿੰਡ ਅਕੌਤ ਜ਼ਿਲਾ ਪਟਿਆਲਾ, ਬਿਕਰਮਜੀਤ ਸਿੰਘ ਉਰਫ ਗੋਗੀ ਵਾਸੀ ਪਿੰਡ ਅਸਮਾਨਪੁਰ ਜ਼ਿਲਾ ਪਟਿਆਲਾ ਅਤੇ ਅਮਰੀਕ ਸਿੰਘ ਵਾਸੀ ਪਿੰਡ ਬਹਿਲ ਜ਼ਿਲਾ ਪਟਿਆਲਾ ਨੂੰ ਇੱਕ .32 ਬੋਰ ਰਿਵਾਲਵਰ,ਲੁੱਟੀ ਹੋਈ ਰਕਮ ‘ਚੋਂ 8 ਲੱਖ 20 ਹਜ਼ਾਰ ਰੁਪਏ ਦੀ ਨਕਦੀ ਅਤੇ ਵਾਰਦਾਤ ‘ਚ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

