ਜਿਲ੍ਹਾ ਵਾਸੀਆਂ ਤੋਂ ਮਿਲਿਆ ਮਾਣ ਸਤਿਕਾਰ ਹਮੇਸ਼ਾ ਯਾਦ ਰਹੇਗਾ : ਡਿਪਟੀ ਕਮਿਸ਼ਨਰ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 8 ਜੁਲਾਈ 2022 –ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਜਲੰਧਰ ਵਿਖੇ ਤਬਦੀਲ ਕਰ ਦਿੱਤਾ ਹੈ। ਬੇਸ਼ੱਕ ਅਧਿਕਾਰੀਆਂ ਦੇ ਤਬਾਦਲੇ ਸਰਕਾਰਾਂ ਦੇ ਫੈਸਲੇ ਹੁੰਦੇ ਹਨ ਅਤੇ ਉਨ੍ਹਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਜਸਪ੍ਰੀਤ ਸਿੰਘ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਥੋੜ੍ਹੇ ਸਮੇਂ ’ਚ ਹੀ ਜ਼ਿਲੇ ਅੰਦਰ ਵਿਕਾਸ ਦੀਆਂ ਨਵੀਆਂ ਯੋਜਨਾਵਾਂ ਉਲੀਕੀਆਂ ਤਾਂ ਕਿ ਮਾਨਸਾ ਨੂੰ ਤਰੱਕੀ ਦਿੱਤੀ ਜਾ ਸਕੇ ਉਹ ਕਾਬਿਲੇਗੌਰ ਹੈ। ਉਨ੍ਹਾਂ ਨੇ ਆਪਣੇ ਕਰੀਬ 4 ਮਹੀਨਿਆਂ ਦੇ ਕਾਰਜਕਾਲ ਦੌਰਾਨ ਮਾਨਸਾ ਜਿਲ੍ਹੇ ਅੰਦਰ ਨਜਾਇਜ਼ ਕਬਜ਼ੇ ਹਟਾਉਣਾ, ਜਿਲ੍ਹੇ ਨੂੰ ਹਰਾ ਭਰਿਆ ਬਣਾਉਣ ਲਈ ਸ਼ਾਨਦਾਰ ਪੌਦੇ ਲਗਾਉਣ ਤੋਂ ਇਲਾਵਾ ਜਿਲ੍ਹਾ ਵਾਸੀਆਂ ਅਤੇ ਲੋਕਾਂ ਅੰਦਰ ਜੋ ਜਗ੍ਹਾ ਬਣਾਈ ਉਹ ਇਕ ਮਿਲਣਸਾਰ ਅਫਸਰ ਵਜੋਂ ਬਣਾਈ ਹੈ। ਜੋ ਕਿ ਜਿਲ੍ਹਾ ਵਾਸੀਆਂ ਨੂੰ ਯਾਦ ਰਹੇਗੀ। ਉਨ੍ਹਾਂ ਦੇ ਦਫ਼ਤਰ ਵਿੱਚ ਸਰਕਾਰੀ ਕੰਮਕਾਜ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਹਮੇਸ਼ਾ ਮਾਣ ਸਤਿਕਾਰ ਮਿਲਿਆ, ਜਿਸ ਸਦਕਾ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਵੱਖਰੀ ਅਤੇ ਨਿਵੇਕਲੀ ਪਹਿਚਾਣ ਬਣੀ ਹੈ। ਮਾਨਸਾ ਤੋਂ ਤਬਦੀਲ ਹੋਣ ਤੋਂ ਜਾਂਦੇ ਸਮੇਂ ਉਨ੍ਹਾਂ ਦਾ ਗੁਰੂਦੁਆਰਾ ਸਿੰਘ ਸਭਾ ਮੇਨ ਬਜਾਰ ਮਾਨਸਾ ਦੇ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਅਤੇ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਲੋਕਲ ਪ੍ਰਧਾਨ ਰਘਵੀਰ ਸਿੰਘ ਅਤੇ ਹੈਡ ਗ੍ਰੰਥੀ ਬਾਬਾ ਟੇਕ ਸਿੰਘ ਬਰ੍ਹੇ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲੇ ਦੇ ਲੋਕਾਂ ਅੰਦਰ ਸਨੇਹ ਬਣਾ ਕੇ ਰੱਖਿਆ।

ਜਿਸ ਨਾਲ ਲੋਕਾਂ ਦਾ ਪ੍ਰਸ਼ਾਸ਼ਨਿਕ ਕੰਮਾਂ ਵਿਚ ਵਿਸ਼ਵਾਸ਼ ਅਤੇ ਭਰੋਸਾ ਵਧਿਆ ਅਤੇ ਲੋਕਾਂ ਨੂੰ ਆਪਣੇ ਕੰਮਕਾਰ ਕਰਵਾਉਣ ਵਿਚ ਕੋਈ ਮੁਸ਼ਕਿਲ ਨਹੀਂ ਆਈ। ਉਨ੍ਹਾਂ ਦਾ ਸਨਮਾਨ ਕਰਦਿਆਂ ਅੱਜ ਫਖਰ ਮਹਿਸੂਸ ਕਰਦੇ ਹਾਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਓਮਕਾਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਨੇ ਮਾਨਸਾ ਤੋਂ ਬਦਲ ਕੇ ਜਲੰਧਰ ਵਿਖੇ ਲਗਾਇਆ ਗਿਆ ਹੈ ਪਰ ਮਾਨਸਾ ਵਾਸੀਆਂ ਵਲੋਂ ਮਿਲੇ ਮਾਣ ਸਤਿਕਾਰ ਉਹ ਹਮੇਸ਼ਾ ਯਾਦ ਰੱਖਣਗੇ।

