ਬਿਊਰੋ, ਪ੍ਰਾਈਮ ਪੋਸਟ ਪੰਜਾਬ
ਰਾਜਪੁਰਾ, 29 ਜੂਨ 2022 : ਰਾਜਪੁਰਾ ਦੇ ਸਬ ਡਵੀਜ਼ਨ ਕੰਪਲੈਕਸ ਦੇ ਨਜ਼ਦੀਕ ਮੌਜੂਦ ਚਿਲਡਰਨ ਹੋਮ ਰਾਜਪੁਰਾ ਦੇ ਵਿੱਚੋਂ 8 ਬੱਚਿਆਂ ਦੇ ਭੱਜ ਜਾਣ ਦੀ ਖਬਰ ਸੂਤਰਾਂ ਤੋਂ ਪ੍ਰਾਪਤ ਹੋਈ ਹੈ । ਜਿਸ ਤੋਂ ਬਾਅਦ ਜਦੋਂ ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਚਿਲਡਰਨ ਹੋਮ ਰਾਜਪੁਰਾ ਦਾ ਦੌਰਾ ਕੀਤਾ ਗਿਆ ਹੈ ਤਾਂ ਅਧਿਕਾਰੀਆਂ ਵੱਲੋਂ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ , ਪ੍ਰੰਤੂ ਅੱਠ ਬੱਚਿਆਂ ਵਿੱਚੋਂ ਇੱਕ ਬੱਚੇ ਨੂੰ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੋਂ ਫੜ ਲਿਆ ਗਿਆ। ਚਿਲਡਰਨ ਹੋਮ ਰਾਜਪੁਰਾ ਦੇ ਵਿੱਚੋਂ ਬੀਤੇ ਦਿਨੀਂ 27 ਜੂਨ ਨੂੰ ਰਾਤ 11 ਵਜੇ ਦੇ ਕਰੀਬ 4 ਬੱਚੇ ਭੱਜ ਗਏ ਸਨ ਅਤੇ ਅੱਜ ਸਵੇਰੇ 4 ਵਜੇ ਚਿਲਡਰਨ ਹੋਮ ਵਿਚੋਂ ਹੋਰ 4 ਬੱਚੇ ਭੱਜ ਗਏ ਜਿਨ੍ਹਾਂ ਵਿੱਚੋਂ ਇੱਕ ਬੱਚੇ ਨੂੰ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੋਂ ਫੜ ਲਿਆ ਗਿਆ। ਪ੍ਰੰਤੂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਰਾਜਪੁਰਾ ਦੇ ਚਿਲਡਰਨ ਹੋਮ ਦੇ ਅਧਿਕਾਰੀਆਂ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਚਿਲਡਰਨ ਹੋਮ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਤੇ ਸਵਾਲ ਉੱਠ ਰਹੇ ਹਨ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ SDM ਰਾਜਪੁਰਾ ਨੇ ਵੀ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ। ਜਦੋਂ ਪੁਲਸ ਚੌਕੀ ਕਸਤੂਰਬਾ ਦੇ ਇੰਚਾਰਜ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਹਾਲੇ ਚਿਲਡਰਨ ਹੋਮ ਰਾਜਪੁਰਾ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ FIR ਦਰਜ ਨਹੀਂ ਕਰਵਾਈ ਗਈ ਅਤੇ ਉਹ ਜਦੋਂ ਇਸ ਮਾਮਲੇ ਦੀ ਐਫਆਈਆਰ ਦਰਜ ਕਰਾਉਣਗੇ ਤਾਂ ਉਸ ਤੋਂ ਬਾਅਦ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।