ਬਿਊਰੋ, ਪ੍ਰਾਈਮ ਪੋਸਟ ਪੰਜਾਬ
ਗਿੱਦੜਬਾਹਾ : ਹਲਕੇ ਦੇ ਪਿੰਡ ਭੂੰਦੜ ਦੇ ਨਜ਼ਦੀਕ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਤੇ ਖੇਤਾਂ ’ਚ ਇੱਕ ਨੌਜਵਾਨ ਮੁੰਡਾ-ਕੁੜੀ ਦੀਆਂ ਭੇਤਭਰੀ ਹਾਲਾਤ ’ਚ ਲਾਸ਼ਾਂ ਮਿਲਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਪਿੰਡ ਦੇ ਇਕ ਵਿਅਕਤੀ ਦਾ ਫ਼ੋਨ ਆਇਆ ਕਿ ਉਨ੍ਹਾਂ ਦੇ ਖੇਤਾਂ ’ਚ ਇਕ ਨੌਜਵਾਨ ਕੁੜੀ-ਮੁੰਡੇ ਦੀ ਲਾਸ਼ ਪਈ ਹੈ ਅਤੇ ਕੋਲ ਕੀਟਨਾਸ਼ਕ ਦਵਾਈ ਦੀ ਬੋਤਲ ਪਈ ਹੈ, ਜਿਸ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਕੋਟਭਾਈ ਨੂੰ ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਜਾਪਦਾ ਹੈ, ਬਾਕੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਮੌਕੇ ਤੇ ਪੁੱਜੇ ਡੀ.ਐੱਸ.ਪੀ. ਗਿੱਦੜਬਾਹਾ ਨਰਿੰਦਰ ਸਿੰਘ ਅਤੇ ਐੱਸ.ਐੱਚ.ਓ. ਕੋਟਭਾਈ ਨਵਪ੍ਰੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਕੋਟਭਾਈ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਦੇ ਨਜ਼ਦੀਕ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮੁੱਢਲੀ ਜਾਂਚ ਤੋਂ ਮੁੰਡੇ ਦੀ ਪਛਾਣ ਲੰਗੇਆਣਾ ਜ਼ਿਲ੍ਹਾ ਮੋਗਾ ਦੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਕੁੜੀ ਦੀ ਫ਼ਿਲਹਾਲ ਪਛਾਣ ਨਹੀਂ ਹੋ ਸਕੀ। ਇਹ ਵੀ ਦੱਸਿਆ ਗਿਆ ਹੈ ਕਿ ਕੁੜੀ ਵਿਆਹੀ ਹੋਈ ਸੀ ਅਤੇ ਮੁੰਡਾ ਕੁਆਰਾ ਸੀ। ਉਨ੍ਹਾਂ ਕਿਹਾ ਕਿ ਮੁੰਡੇ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।