ਸੰਜੀਵ ਜਿੰਦਲ , ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ : ਹਰ ਰੋਜ਼ ਪੰਜਾਬ ਅੰਦਰ ਵਾਪਰ ਰਹੀਆਂ ਲੁੱਟ- ਖੋਹ ਅਤੇ ਕਤਲ ਦੀਆਂ ਘਟਨਾਵਾਂ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਦਾ ਮੂੰਹ ਚਿੜਾ ਰਹੀਆਂ ਹਨ । ਇਨ੍ਹਾਂ ਦੇ ਲਈ ਕੋਈ ਵੀ ਜ਼ਿੰਮੇਵਾਰ ਹੋਵੇ ਪਰ ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁਝ ਰਿਹਾ ਹੈ । ਚੋਣਾਂ ਤੋਂ ਪਹਿਲਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਦਾ ਦਾਅਵਾ ਕਰਦੇ ਸਨ ਕਿ ਸਾਡੀ ਸਰਕਾਰ ਆਉਣ ਤੇ ਬੇਝਿਜਕ ਹੋ ਕੇ ਲੜਕੀਆਂ ਵੀ ਘਰਾਂ ਤੋਂ ਬਾਹਰ ਨਿਕਲ ਸਕਣਗੀਆਂ ਪਰ ਮੌਜੂਦਾ ਸਥਿਤੀ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਉਹ ਸਿਰਫ਼ ਚੋਣ ਸਟੰਟ ਸੀ । ਕਿਉਂਕਿ ਲੜਕੀਆਂ ਤਾਂ ਦੂਰ ਦੀ ਗੱਲ ਹੁਣ ਤਾਂ ਮੁੰਡਿਆਂ ਨੂੰ ਵੀ ਘਰ ਤੋਂ ਬਾਹਰ ਨਿਕਲਦਿਆ ਡਰ ਲੱਗਣ ਲੱਗਾ ਹੈ ਪੂਰੇ ਪੰਜਾਬ ਵਿਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ । ਇਸੇ ਤਰ੍ਹਾਂ ਦੀ ਇਕ ਘਟਨਾ ਲੁਧਿਆਣਾ ਵਿੱਚ ਵਾਪਰੀ ਹੈ ਜਿਸ ਵਿੱਚ ਲੁਧਿਆਣਾ ਦੇ ਥਾਣਾ ਦੁੱਗਰੀ ਇਲਾਕੇ ਜਵੱਦੀ ਪੁਲ ਨੇੜੇ ਇਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਦੁੱਗਰੀ ਖੇਤਰ ‘ਚ ਪੈਂਦੇ ਜਬੱਦੀ ਸੂਆ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਨੂੰ ਵੱਢ ਕੇ ਕਤਲ ਕਰ ਦਿੱਤਾ ਗਿਆ । ਇਸ ਘਟਨਾ ਦਾ ਪਤਾ ਲੱਗਦੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ।

ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (30) ਦੇ ਰੂਪ ‘ਚ ਹੋਈ ਹੈ, ਜਿਸ ਦੀ ਧੌਣ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਹਨ। ਪੁਲਿਸ ਮੁਤਾਬਿਕ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਸੋਮਵਾਰ ਰਾਤ ਨੂੰ ਮ੍ਰਿਤਕ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਮੰਗਲਵਾਰ ਸਵੇਰੇ ਲੋਕਾਂ ਨੇ ਉਸ ਦੀ ਲਾਸ਼ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ।
ਫਿਲਹਾਲ ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਅਤੇ ਇਸ ਸਬੰਧ ‘ਚ ਜਾਂਚ-ਪੜਤਾਲ ਜਾਰੀ ਹੈ ਤੇ ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।

