ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਰਾਮਾਂ ਮੰਡੀ : ਪੰਜਾਬ ਚ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਲੋਕ ਬੇਖ਼ੌਫ਼ ਮਾਰਧਾੜ, ਲੁੱਟ-ਖੋਹ ਤੇ ਕਤਲ ਕਰ ਰਹੇ ਹਨ ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸਖ਼ਤੀ ਨਹੀਂ ਵਰਤੀ ਜਾ ਰਹੀ । ਇਸੇ ਤਰ੍ਹਾਂ ਦੀ ਇਕ ਘਟਨਾ ਰਾਮਾਂ ਮੰਡੀ ਵਿੱਚ ਵਾਪਰੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਦੀ ਸੁਪਰਮਾਰਕੀਟ ’ਚ ਦੁਕਾਨਦਾਰਾਂ ਦੀ ਪਾਣੀ ਦੇ ਕੈਂਪਰ ਨੂੰ ਲੈ ਕੇ ਹੋਈ ਆਪਸੀ ਲੜਾਈ ’ਚ ਚੱਲੀਆਂ ਗੋਲੀਆਂ ਦੌਰਾਨ 1 ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਤਲਵੰਡੀ ਸਾਬੋ ਅਤੇ ਐੱਸਐੱਚਓ ਰਾਮਾਂ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ।

ਉਧਰ ਗੱਲਬਾਤ ਕਰਦੇ ਹੋਏ ਰਾਮਾਂ ਪੁਲਿਸ ਨੇ ਦੱਸਿਆ ਕਿ ਉਕਤ ਦੁਕਾਨਦਾਰਾਂ ਦੀ ਬੀਤੇ ਦਿਨ ਪਾਣੀ ਦੇ ਕੈਂਪਰ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸੀ ਸਮਝੌਤਾ ਹੋ ਗਿਆ ਸੀ। ਪ੍ਰੰਤੂ ਸਵੇਰੇ ਉਨ੍ਹਾਂ ਦੀ ਫਿਰ ਲੜਾਈ ਹੋ ਗਈ, ਇਹ ਲੜਾਈ ਇੰਨਾ ਵੱਧ ਗਈ ਕਿ ਇਸ ਮੌਕੇ ਗੋਲੀਆਂ ਵੀ ਚੱਲ ਗਈਆਂ ਅਤੇ ਟੇਲਰ ਗੁਰਪ੍ਰੀਤ ਸਿੰਘ ਦਾ 2 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਲੱਗਣ ਕਾਰਣ ਗੰਭੀਰ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੂੰ ਹੈਲਪਲਾਈਨ ਦੀ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।