ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 14 ਜੂਨ, 2022 : ਟਰਾਈਡੈਂਟ ਗਰੁੱਪ ਲਿਮਟਿਡ ਦੇ ਸਾਬਕਾ ਚੀਫ਼ ਫਾਇਨੇਂਸ਼ੀਅਲ ਅਫਸਰ (ਸੀਐਫਓ) ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਪਿੰਡ ਸੰਗੋਵਾਲ, ਲੁਧਿਆਣਾ ਦੁਆਰਾ ਕੰਪਨੀ ਦੇ ਨਾਲ 16 ਅਪ੍ਰੈਲ 2019 ਤੋਂ 17 ਫਰਵਰੀ 2022 ਤੱਕ ਦੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਕੀਤੇ ਗਏ ਵਿੱਤੀ ਗਬਨ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਹੋਈ। ਹਰਵਿੰਦਰ ਸਿੰਘ ਗਿੱਲ ਨੇ ਟਰਾਈਡੈਂਟ ਲਿਮਟਿਡ ਕੰਪਨੀ ਵਿੱਚ 09 ਸਤੰਬਰ, 2014 ਤੋਂ 18 ਫਰਵਰੀ, 2022 ਤੱਕ ਅਤੇ ਟਰਾਈਡੈਂਟ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਵਿੱਚ 34 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ।
ਕੰਪਨੀ ਦੁਆਰਾ ਕਰਵਾਏ ਗਏ ਅੰਦਰੂਨੀ ਆਡਿਟ ਤੋਂ ਪਤਾ ਲੱਗਾ ਹੈ ਕਿ ਕੁੱਲ 185 ਲੈਣ-ਦੇਣਾਂ ਵਿੱਚੋਂ 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਦੇ ਨਿੱਜੀ ਖਾਤਿਆਂ ਵਿੱਚ ਆਨਲਾਈਨ ਨੈੱਟ ਬੈਂਕਿੰਗ ਰਾਹੀਂ ਟਰਾਂਸਫਰ ਕੀਤੀ ਗਈ ਸੀ। ਭਾਵੇਂ ਕਿ ਉਹ ਸਿਰਫ਼ ਟਰਾਂਜੈਕਸ਼ਨ ਮੇਕਰ ਵਜੋਂ ਅਧਿਕਾਰਤ ਸੀ, ਫਿਰ ਵੀ ਉਸ ਨੇ ਧੋਖਾਧੜੀ ਨਾਲ ਸਟੇਟ ਬੈਂਕ ਆਫ਼ ਇੰਡੀਆ ਢੋਲੇਵਾਲ ਸ਼ਾਖਾ, ਜੀ.ਟੀ. ਰੋਡ, ਲੁਧਿਆਣਾ (04046) ਦੇ ਕੰਪਨੀ ਦੇ ਖਾਤੇ ਦਾ ਵਨ ਟਾਈਮ ਪਾਸਵਰਡ ਆਪਣੇ ਮੋਬਾਇਲ ਉਤੇ ਪ੍ਰਾਪਤ ਕਰਕੇ ਧੋਖੇ ਨਾਲ ਵੱਖ-ਵੱਖ ਬੈਂਕਾਂ ਵਿੱਚ ਆਪਣੇ ਨਿੱਜੀ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਲਏ ਜੋ ਕਿ ਐਸਬੀਆਈ ਬੈਂਕ, ਸਰਾਭਾ ਨਗਰ ਅਤੇ ਐਚਡੀਐਫਸੀ ਬੈਂਕ ਜਸਦੇਵ ਨਗਰ (ਵੀਪੀਓ ਗਿੱਲ) ਲੁਧਿਆਣਾ ਵਿੱਚ ਸਨ ਅਤੇ ਉਥੋਂ ਉਹ ਪੈਸੇ ਅਗਿਆਤ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ।
ਇਹ ਜਾਣਿਆ ਜਾਂਦਾ ਹੈ ਕਿ ਉਸਦਾ ਪਰਿਵਾਰ ਅਤੇ ਪੁੱਤਰ ਬੈਲਜੀਅਮ ਅਤੇ ਕੈਨੇਡਾ ਵਿੱਚ ਸੈਟਲ ਹਨ। ਹਰਵਿੰਦਰ ਸਿੰਘ ਗਿੱਲ ਨੇ ਵੀ ਗੈਰ ਰਸਮੀ ਤੌਰ ’ਤੇ ਮੰਨਿਆ ਕਿ ਉਸ ਨੂੰ ਕਦੇ ਵੀ ਆਮਦਨ ਕਰ ਵਿਭਾਗ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ, ਭਾਵੇਂ ਕਿ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਰਕਮ ਉਸ ਦੀ ਤਨਖਾਹ ਤੋਂ ਕਿਤੇ ਵੱਧ ਸੀ।
ਕੰਪਨੀ ਦੇ ਆਡੀਟਰ ਐਸਸੀ ਵਾਸੂਦੇਵ ਐਂਡ ਕੰਪਨੀ ਚਾਰਟਰਡ ਅਕਾਊਂਟੈਂਟ ਨੂੰ ਵੀ ਇਸ ਸਭ ਦੀ ਜਾਣਕਾਰੀ ਨਹੀਂ ਸੀ ਜਦਕਿ ਉਹ ਕੰਪਨੀ ਦੀ ਬੈਲੇਂਸ ਸ਼ੀਟ ’ਤੇ ਹਸਤਾਖਰ ਕਰਤਾ ਹਨ।
ਇਸ ਦੌਰਾਨ, ਕੰਪਨੀ ਦੇ ਹੋਰ ਕਰਮਚਾਰੀਆਂ ਦੀਆਂ ਭੂਮਿਕਾਵਾਂ ਅਤੇ ਕਈ ਹੋਰ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦੇ ਪ੍ਰਬੰਧਕਾਂ ਨੂੰ ਯਕੀਨ ਹੈ ਕਿ ਕੁੱਲ ਗਬਨ ਦੀ ਰਕਮ ਹੋਰ ਵਧ ਸਕਦੀ ਹੈ ਕਿਉਂਕਿ ਕੰਪਨੀ ਦੇ ਸੀਨੀਅਰ ਪ੍ਰਬੰਧਨ ਨੂੰ ਧੋਖਾਧੜੀ ਦੇ ਹੋਰ ਸੁਰਾਗ ਮਿਲੇ ਹਨ। ਇਸ ਸਬੰਧੀ ਥਾਣਾ ਬਰਨਾਲਾ ਵਿਖੇ ਐਫਆਈਆਰ ਨੰਬਰ 259 ਮਿਤੀ 11.06.2022 ਦਰਜ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

