ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ– ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਖੁਲਾਸਾ ਹੋਇਆ ਹੈ ਕਿ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਨੂੰ ਨਹੀਂ ਸੀ ਪਤਾ ਕਿ ਕਾਤਲ ਸਿੱਧੂ ਨੂੰ ਮਾਰ ਦੇਣਗੇ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ‘ਕਾਤਲਾਂ ਨੇ ਉਸ ਨੂੰ ਦੱਸਿਆ ਕਿ ਮੂਸੇਵਾਲਾ ਦੀ ਕੁੱਟਮਾਰ ਕੀਤੀ ਜਾਵੇਗੀ । ਜਿਸ ਦਿਨ ਉਹ ਮੂਸੇਵਾਲਾ ਦੇ ਘਰ ਰੇਕੀ ਕਰਨ ਪਹੁੰਚਿਆ, ਉਸ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਸੂਚਿਤ ਕਰ ਦਿੱਤਾ ਸੀ। ਉਸ ਨੇ ਕਤਲ ਵਾਲੇ ਦਿਨ ਰੇਕੀ ਦੌਰਾਨ ਗੋਲਡੀ ਬਰਾੜ ਨਾਲ 11 ਵਾਰ ਗੱਲਬਾਤ ਕੀਤੀ ਸੀ।
ਕੇਕੜਾ ਦਾ ਦਾਅਵਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਗੋਲਡੀ ਬਰਾੜ ਖ਼ਤਰਨਾਕ ਗੈਂਗਸਟਰ ਹੈ। ਪੁਲਿਸ ਦੀ ਪੁੱਛਗਿੱਛ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਕੋਰੋਲਾ ਗੱਡੀ ਸ਼ੂਟਰਾਂ ਨੂੰ ਸੌਂਪੀ ਗਈ ਸੀ ਤਾਂ ਡੈਸ਼ ਬੋਰਡ ‘ਚ 3 ਲੱਖ ਰੁਪਏ ਅਤੇ ਦੋ ਡੌਂਗਲ ਵੀ ਰੱਖੇ ਹੋਏ ਸਨ। ਕਾਰ ਵਿੱਚ ਮਾਰੂ ਹਥਿਆਰ ਵੀ ਮੌਜੂਦ ਸਨ। ਭਾਵੇਂ ਕੇਕੜਾ ਦਾ ਦਾਅਵਾ ਹੈ ਕਿ ਉਸ ਨੇ ਸ਼ੂਟਰਾਂ ਨੂੰ ਕੋਰੋਲਾ ਕਾਰ ਕੋਲ ਛੱਡ ਦਿੱਤਾ ਸੀ, ਪਰ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਮਾਰਨ ਜਾ ਰਹੇ ਹਨ।
ਮਹਾਰਾਸ਼ਟਰ ਦੇ ਸ਼ੂਟਰਾਂ ਨੂੰ 3.5 ਲੱਖ ਦਿੱਤੇ :
ਦੂਜੇ ਪਾਸੇ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 6 ਸ਼ਾਰਪ ਸ਼ੂਟਰਾਂ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਐਚਐਸ ਧਾਲੀਵਾਲ ਨੇ ਮੀਡੀਆ ਨੂੰ ਦੱਸਿਆ ਕਿ ਗਾਇਕ ਦੀ ਮੌਤ ਇੱਕ ਸੰਗਠਿਤ ਅਤੇ ਵਹਿਸ਼ੀਆਨਾ ਕਤਲ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਹਾਕਾਲ ਤੋਂ ਕੀਤੀ ਗਈ ਸਾਂਝੀ ਪੁੱਛ ਪੜਤਾਲ ਵਿੱਚ ਪਤਾ ਲੱਗਾ ਹੈ ਕਿ ਮਹਾਰਾਸ਼ਟਰ ਦੇ ਦੋ ਨਿਸ਼ਾਨੇਬਾਜ਼ਾਂ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਨੂੰ ਤਿੰਨ ਲੱਖ 50 ਹਜ਼ਾਰ ਰੁਪਏ ਦਿੱਤੇ ਗਏ ਸਨ।











