ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ,11 ਜੂਨ 2022 ( ਪ੍ਰਾਈਮ ਪੋਸਟ ਪੰਜਾਬ ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਜਸਪ੍ਰੀਤ ਸਿੰਘ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਅੰਦਰ ਖੇਤਾਂ ਵਿਚ ਜ਼ਿਆਦਾ ਸਮੇਂ ਤੋਂ ਇੱਕੋ ਥਾਂ ’ਤੇ ਪਈਆਂ ਨਰਮੇ/ਕਪਾਹ ਦੀਆਂ ਛਟੀਆਂ ਨੂੰ 5 ਦਿਨਾਂ ਦੇ ਅੰਦਰ ਅੰਦਰ ਸਾੜਨ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿਚ ਉਨ੍ਹਾਂ ਕਿਹਾ ਕਿ ਖੇਤਾਂ ਵਿਚ ਜ਼ਿਆਦਾ ਸਮੇਂ ਤੋਂ ਇੱਕੋ ਥਾਂ ’ਤੇ ਪਈਆਂ ਨਰਮੇ ਅਤੇ ਕਪਾਹ ਦੀਆਂ ਛਟੀਆਂ ਕਾਰਨ ਗੁਲਾਬੀ ਸੁੰਡੀ ਦੇ ਉਤਪੰਨ ਹੋਣ ਦੇ ਆਸਾਰ ਬਣ ਜਾਂਦੇ ਹਨ, ਜਿਸ ਨਾਲ ਫਸਲ ਦਾ ਨੁਕਸਾਨ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਅਸਿੱਧੇ ਤੌਰ ’ਤੇ ਅਸਰ ਦੇਸ਼ ਦੇ ਉਤਪਾਦਨ ’ਤੇ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕਾਟਨ ਮਿੱਲਾਂ ਵਿਚ ਕਪਾਹ ਵਿਚੋਂ ਵੜੇਵੇਂ ਕੱਢਣ ਉਪਰੰਤ ਬਾਕੀ ਬਚਦੀ ਰਹਿੰਦ ਖੂੰਹਦ ਤੋਂ ਵੀ ਗੁਲਾਬੀ ਸੁੰਡੀ ਉਤਪੰਨ ਹੋਣ ਦੇ ਆਸਾਰ ਵਧ ਜਾਂਦੇ ਹਨ। ਉਨ੍ਹਾਂ ਆਦੇਸ਼ ਦਿੱਤੇ ਕਿ ਜ਼ਿਲ੍ਹਾ ਮੰਡੀ ਅਫ਼ਸਰ ਅਜਿਹੇ ਕੇਸਾਂ ਦਾ ਨਿਪਟਾਰਾ 5 ਦਿਨਾਂ ਦੇ ਅੰਦਰ ਅੰਦਰ ਕਰਵਾਉਣਗੇ।ਇਹ ਹੁਕਮ 9 ਅਗਸਤ 2022 ਤੱਕ ਲਾਗੂ ਰਹੇਗਾ।

