ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 6 ਜੂਨ 2022 : ਜਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਜ਼ਿਲੇ ਦੇ ਸਾਈਬਰ ਕੈਫੇ, ਐਸ.ਟੀ.ਡੀ. ਅਤੇ ਪੀ.ਸੀ.ਓ. ਮਾਲਕਾਂ ਲਈ ਇੱਕ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਅਣਜਾਣ ਵਿਅਕਤੀ ਨੂੰ ਬਿਨਾਂ ਪਹਿਚਾਣ ਪੱਤਰ ਦੇ ਸਾਈਬਰ ਕੈਫੇ, ਐਸਟੀਡੀ. ਅਤੇ ਪੀਸੀਓ. ਆਦਿ ਵਰਤਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸਾਇਬਰ ਕੈਫੇ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਰਜਿਸਟਰ ਲਗਾਇਆ ਜਾਵੇ ਅਤੇ ਹਰੇਕ ਆਉਣ ਵਾਲੇ ਵਿਅਕਤੀ ਲਈ ਜ਼ਰੂਰੀ ਹੋਵੇਗਾ ਕਿ ਉਹ ਆਪਣਾ ਨਾਮ, ਪਤਾ, ਟੈਲੀਫੋਨ ਨੰਬਰ ਸਮੇਤ ਮੰਤਵ ਰਜਿਸਟਰ ਵਿੱਚ ਆਪਣੇ ਹੱਥ ਨਾਲ ਇੰਦਰਾਜ ਕਰੇਗਾ ਅਤੇ ਹਸਤਾਖ਼ਰ ਕਰਨੇ ਵੀ ਲਾਜ਼ਮੀ ਹੋਣਗੇ। ਉਨਾਂ ਕਿਹਾ ਕਿ ਕੈਫੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਕੈਫੇ ਮਾਲਕ ਵੱਲੋਂ ਉਸਦੇ ਪਹਿਚਾਣ ਪੱਤਰ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇਗੀ।
ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜਾਰੀ ਇਨਾਂ ਹੁਕਮਾਂ ਮੁਤਾਬਿਕ ਐਕਟਿਵਟੀ ਸਰਵਰ ਦਾ ਮੁੱਖ ਸਰਵਰ ਵਿੱਚ ਰਿਕਾਰਡ ਘੱਟੋ-ਘੱਟ ਛੇ ਮਹੀਨੇ ਲਈ ਰੱਖਿਆ ਜਾਵੇਗਾ। ਕੈਫੇ ਵਿੱਚ ਆਉਣ ਵਾਲੇ ਕਿਸੇ ਵਿਅਕਤੀ ਤੇ ਸ਼ੱਕ ਹੋਣ ’ਤੇ ਕੈਫੇ ਮਾਲਕ ਤੁਰੰਤ ਸਬੰਧਤ ਥਾਣੇ ਨੰੂ ਸੂਚਿਤ ਕਰੇਗਾ। ਕਿਸੇ ਵੀ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਨੰੂ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ। ਇਹ ਹੁਕਮ 31 ਜੁਲਾਈ 2022 ਤੱਕ ਲਾਗੂ ਰਹੇਗਾ।

