ਸੰਜੀਵ ਜਿੰਦਲ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਐਤਵਾਰ ਸ਼ਾਮ ਨੂੰ ਕੁਝ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਕਈ ਪੁਰਾਣੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚੋਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਦੱਸ ਰਿਹਾ ਹੈ ਕਿ ਉਸ ਨੂੰ ਧਮਕੀ ਭਰੇ ਫੋਨ ਆਉਂਦੇ ਸਨ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਸਿੱਧੂ ਮੂਸੇਵਾਲਾ ਦੀ ਆਖਰੀ ਵੀਡੀਓ ਸੀ, ਜਿਸ ‘ਚ ਉਹ ਖੁਦ ਦੱਸ ਰਹੇ ਹਨ ਕਿ ਕੁਝ ਲੋਕ ਉਨ੍ਹਾਂ ਨੂੰ ਫੋਨ ਕਰਕੇ ਡਰਾਉਂਦੇ ਹਨ ਪਰ ਉਹ ਡਰਦੇ ਨਹੀਂ ਹਨ।
ਅਜਿਹੇ ‘ਚ ਹੁਣ ਲੋਕਾਂ ਦੇ ਮਨ ‘ਚ ਇਹੀ ਸਵਾਲ ਉੱਠ ਰਿਹਾ ਹੈ ਕਿ ਜੇਕਰ ਮੂਸੇਵਾਲਾ ਨੂੰ ਧਮਕੀਆਂ ਮਿਲ ਰਹੀਆਂ ਸਨ ਤਾਂ ਕੀ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੀ। ਜੇਕਰ ਦਿੱਤੀ ਗਈ ਸੀ ਤਾਂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਕਿੱਥੇ ਗਲਤੀ ਹੋਈ ਹੈ। ਜਦਕਿ ਪੰਜਾਬ ਦੇ ਡੀਜੀਪੀ ਵੀ.ਕੇ. ਭਾਵਰਾ ਨੇ ਕਿਹਾ ਹੈ ਕਿ ਮੂਸੇਵਾਲਾ ਦਾ ਕਤਲ ਗਰੋਹਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਜਾਪਦਾ ਹੈ, ਉਨ੍ਹਾਂ ਦੱਸਿਆ ਕਿ ਇਸ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇਗੀ। ਡੀਜੀਪੀ ਨੇ ਇਹ ਵੀ ਦੱਸਿਆ ਹੈ ਕਿ ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਸ਼ਾਮਲ ਹੈ ਅਤੇ ਗੈਂਗ ਦੇ ਮੈਂਬਰ ਲੱਕੀ ਨੇ ਕੈਨੇਡਾ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਡੀਜੀਪੀ ਨੇ ਕਈ ਖੁਲਾਸੇ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਕੋਲ ਇੱਕ ਪ੍ਰਾਈਵੇਟ ਬੁਲੇਟ ਪਰੂਫ ਗੱਡੀ ਸੀ, ਪਰ ਉਹ ਘਟਨਾ ਸਮੇਂ ਆਪਣੇ ਨਾਲ ਨਹੀਂ ਲੈ ਗਿਆ ਸੀ। ਉਸ ਨੇ ਕਿਹਾ, “ਆਪਣੇ ਘਰ ਛੱਡਣ ਤੋਂ ਬਾਅਦ, ਮੂਸੇਵਾਲਾ ਮਾਨਸਾ ਜ਼ਿਲ੍ਹੇ ਵਿੱਚ ਦੋ ਹੋਰਾਂ ਨਾਲ ਆਪਣੀ ਗੱਡੀ ਚਲਾ ਰਿਹਾ ਸੀ। ਇਸ ਦੌਰਾਨ 2-2 ਵਾਹਨਾਂ ਨੇ ਅੱਗੇ-ਪਿੱਛੇ ਆ ਕੇ ਉਸ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਗਾਇਕ ਅਤੇ ਪੰਜਾਬ ਕਾਂਗਰਸ ਦੇ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਤਾਜ਼ਾ ਘਟਨਾਕ੍ਰਮ ਵਿੱਚ ਜਾਂਚ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਕਤਲ ਵਿੱਚ 1994 ਦੀ ਐਵੋਮੈਟ ਨਿਕੋਨੋਵਾ ਮਾਡਲ ਦੀ ਏ.ਐਨ.-94 ਰਸ਼ੀਅਨ ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਤਲ ਵਿੱਚ ਏਕੇ-47 ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਇਹ ਸਵਾਲ ਵੀ ਉੱਠਦਾ ਹੈ ਕਿ ਇਹ ਅਤਿ-ਆਧੁਨਿਕ ਹਥਿਆਰ ਪੰਜਾਬ ਵਿੱਚ ਕਿਸ ਤਰ੍ਹਾਂ ਸਪਲਾਈ ਹੋਏ ਜਾਂ ਹੋ ਰਹੇ ਹਨ।

