ਐਥਲੈਟਿਕਸ, ਬਾਸਕਟਬਾਲ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਵਾਲੀਬਾਲ, ਕੁਸ਼ਤੀ ਅਤੇ ਸ਼ੂਟਿੰਗ ਦੇ ਹੋਣਗੇ ਟਰਾਇਲ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ , 25 ਮਈ 2022 : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ (ਡੇ ਸਕਾਲਰ ਅਤੇ ਰੈਜੀਡੈਂਸਲ) ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ ਜਾਂ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਜਾਂ ਖਿਡਾਰਨਾਂ ਨੂੰ ਖੇਡ ਵਿਭਾਗ ਪੰਜਾਬ ਦੇ ਨਿਯਮਾਂ ਅਨੁਸਾਰ ਰੈਜੀਡੈਂਸ਼ੀਅਲ ਖਿਡਾਰੀਆਂ ਨੂੰ 200/- ਰੁਪਏ ਅਤੇ ਡੇ-ਸਕਾਲਰ ਖਿਡਾਰੀਆਂ ਨੂੰ 100/-ਰੁਪਏ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਦੱਸਿਆ ਕਿ ਇਸ ਸਬੰਧੀ ਜ਼ਿਲਾ ਮਾਨਸਾ ਵਿਖੇ 27 ਤੇ 28 ਮਈ 2022 ਨੂੰ ਲੜਕੇ ਅਤੇ ਲੜਕੀਆਂ ਦੇ ਅੰਡਰ 14, 17 ਅਤੇ 19 ਉਮਰ ਵਰਗ ਦੇ ਟਰਾਇਲ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਐਥਲੈਟਿਕਸ, ਬਾਸਕਟਬਾਲ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਵਾਲੀਬਾਲ, ਕੁਸ਼ਤੀ ਅਤੇ ਸ਼ੂਟਿੰਗ ਦੇ ਇਹ ਟਰਾਇਲ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਜਾਣਗੇ।

ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਪੋਰਟਸ ਵਿੰਗਾਂ ਵਿੱਚ ਦਾਖਿਲ ਹੋਣ ਵਾਲੇ ਖਿਡਾਰੀ ਦਾ ਜਨਮ ਅੰਡਰ-14 ਲਈ 01 ਜਨਵਰੀ 2009, ਅੰਡਰ-17 ਲਈ 01 ਜਨਵਰੀ 2006 ਅਤੇ ਅੰਡਰ-19 ਲਈ 01 ਜਨਵਰੀ 2004 ਜਾਂ ਇਸਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਫਿਜ਼ੀਕਲ ਅਤੇ ਮੈਡੀਕਲ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। ਉਨਾਂ ਦੱਸਿਆ ਕਿ ਇਨਾਂ ਚੋਣ ਟਰਾਇਲਾਂ ਲਈ ਖਿਡਾਰੀ ਜ਼ਿਲਾ ਮਾਨਸਾ ਨਾਲ ਸਬੰਧ ਰੱਖਦਾ ਹੋਵੇ ਅਤੇ ਪੰਜਾਬ ਦਾ ਵਸਨੀਕ ਹੋਵੇ। ਉਸ ਵੱਲੋਂ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ। ਇਸਤੋਂ ਇਲਾਵਾ ਟਰਾਇਲ ਦੇ ਅਧਾਰ ’ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।
ਉਨਾਂ ਕਿਹਾ ਕਿ ਯੋਗ ਖਿਡਾਰੀ 27 ਅਤੇ 28 ਮਈ ਨੂੰ ਸਬੰਧਤ ਟਰਾਇਲ ਸਥਾਨ ’ਤੇ ਠੀਕ 08:00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ। ਇਨਾਂ ਵਿੰਗਾਂ ਲਈ ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ’ਤੇ ਜਾਂ ਇਸ ਤੋੋਂ ਪਹਿਲਾਂ ਦਫਤਰ ਜ਼ਿਲਾ ਖੇਡ ਅਫਸਰ ਮਾਨਸਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਅਧਾਰ ਕਾਰਡ, ਬੈਂਕ ਖਾਤਾ ਨੰਬਰ, ਆਈਐਫਐਸਸੀ ਕੋਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਈਜ ਫੋਟੋਗ੍ਰਾਫ ਲੈ ਕੇ ਆਉਣਗੇ। ਉਨਾਂ ਦੱਸਿਆ ਕਿ ਚੋਣ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀ.ਏ. ਜਾਂ ਡੀ.ਏ. ਨਹੀਂ ਦਿੱਤਾ ਜਾਵੇਗਾ।