ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 19 ਮਈ 2022 : ਪੰਜਾਬ ਸਰਕਾਰ ਵਲੋਂ ਸੇਵਾਮੁਕਤ ਕਾਨੂੰਗੋ ਅਤੇ ਪਟਵਾਰੀਆਂ ਦੀ ਠੇਕੇ ਤੇ ਭਰਤੀ ਦਾ ਲਿਆ ਫੈਸਲਾ ਬੜਾ ਹੀ ਨਿੰਦਣਯੋਗ ਹੈ। ਸੇਵਾ ਮੁਕਤ ਮੁਲਾਜ਼ਮਾਂ ਨੂੰ ਦੁਬਾਰਾ ਭਰਤੀ ਕਰਨਾ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨਾਲ ਇੱਕ ਕੋਝਾ ਮਜ਼ਾਕ ਹੈ। ਅੱਜ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਵਿਸ਼ੇਸ਼ ਮੀਟਿੰਗ ਗੁਰਪ੍ਰੀਤ ਸਿੰਘ ਬੁਢਲਾਡਾ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਅਤੇ ਚਾਨਣ ਦੀਪ ਸਿੰਘ ਨੇ ਕਿਹਾ ਕਿ ਹੁਣ ਤੱਕ ਜੋ ਸਰਕਾਰ ਠੇਕੇ ਤੇ ਭਰਤੀ ਦਾ ਵਿਰੋਧ ਕਰ ਰਹੀ ਸੀ, ਉਹ ਅੱਜ ਪਿਛਲੀਆਂ ਸਰਕਾਰਾਂ ਦੀ ਤਰਜ ਤੇ ਨਵੇਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਰਿਟਾਇਰਡ ਮੁਲਾਜ਼ਮਾਂ ਨੂੰ ਦੁਬਾਰਾ ਭਰਤੀ ਕਰਕੇ ਡੰਗ ਟਪਾਊ ਨੀਤੀ ਦੇ ਰਾਹ ਪੈ ਗਈ ਹੈ।ਉਨਾਂ ਕਿਹਾ ਕਿ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਦਾ ਹੱਕ ਖੋਹ ਕੇ ਰਿਟਾਇਰਡ ਮੁਲਾਜ਼ਮਾਂ ਦੀ ਝੋਲੀ ਪਾ ਰਹੀ ਹੈ ਜੋ ਕਿ ਸਰਾਸਰ ਧੱਕਾ ਹੈ।ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਨੂੰ ਸਿਰਫ ਦੱਸ ਹਜ਼ਾਰ ਰੁਪਏ ਤੇ ਤਿੰਨ ਸਾਲ ਲਈ ਪਰਖ ਕਾਲ ਤੇ ਭਰਤੀ ਕਰ ਰਹੀ ਹੈ ਪ੍ਰੰਤੂ ਸੇਵਾ ਮੁਕਤ ਮੁਲਾਜ਼ਮਾਂ ਨੂੰ ਪੱਚੀ ਹਜ਼ਾਰ ਤੇ ਰੱਖ ਰਹੀ ਹੈ ਜਿਸ ਨਾਲ ਵੀ ਨੌਜਵਾਨਾਂ ਵਿੱਚ ਨਿਰਾਸ਼ਤਾ ਫੈਲ ਰਹੀ ਹੈ। ਮੁਲਾਜ਼ਮ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਪੱਕੀ ਭਰਤੀ ਕਰਕੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ।

