ਰੋਹਿਨ ਜਿੰਦਲ / ਸੰਜੀਵ ਜਿੰਦਲ
ਮਾਨਸਾ, 29 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਜਿਲ੍ਹਾ ਮਾਨਸਾ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤ ਸਰੋਵਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪਾਣੀ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਉਲੀਕੀ ਇਸ ਯੋਜਨਾਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਅੱਜ ਸਥਾਨਕ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ 75 ਪਿੰਡਾਂ ’ਚ ਛੱਪੜਾਂ ਦਾ ਨਵੀਨੀਕਰਣ ਕੀਤਾ ਜਾਣਾ ਹੈ, ਜਿਸਦੇ ਲਈ ਸਬੰਧਤ ਅਧਿਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਅਮਲ ’ਚ ਲਿਆਉਣ ਅਤੇ ਸਮੁੱਚੇ ਕੰਮ ਲਈ ਜਿਲ੍ਹਾ ਪੱਧਰ ’ਤੇ ਕਮੇਟੀ ਦਾ ਗਠਨ ਕੀਤਾ ਜਾਵੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਕੰਮ ਵਾਲੀਆਂ ਥਾਵਾਂ ਦੀ ਚੋਣ ਕੀਤੀ ਜਾਵੇ ਅਤੇ ਡਿਟੇਲਡ ਨਕਸ਼ਾ ਤਿਆਰ ਕਰਕੇ ਕੰਮਾਂ ਨੂੰ ਸ਼ੁਰੂ ਕੀਤਾ ਜਾਵੇ। ਉਨਾਂ ਕਿਹਾ ਕਿ ਜਿੱਥੇ ਕਿਧਰੇ ਛੱਪੜਾਂ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਹੋਵੇ, ਉਥੇ ਮਟੀਰੀਅਲ ਨਾਲ ਕੋਈ ਸਮਝੌਤਾ ਨਹੀ ਹੋਣਾ ਚਾਹੀਦਾ, ਜਿਸਦੀ ਸਮੇਂ ਸਮੇਂ ਕੁਆਲਟੀ ਜਾਂਚ ਦੀ ਸਬੰਧਤ ਅਧਿਕਾਰੀ ਆਪਣੇ ਪੱਧਰ ’ਤੇ ਕਰਨਾ ਯਕੀਨੀ ਬਣਾਉਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਛੱਪੜਾਂ ਦੀ ਚੋਣ ਵਾਲੀ ਥਾਂ ਦਾ ਜਿਨਾਂ ਦਾ ਰਕਬਾ ਇਕ ਏਕੜ ਤੋ ਜ਼ਿਆਦਾ ਹੈ ਅਤੇ ਸਮਰੱਥਾ 10 ਹਜ਼ਾਰ ਕਿਉਂਬਿਕ ਮੀਟਰ ਹੈ, ਉਨਾਂ ਦਾ ਪਹਿਲ ਦੇ ਆਧਾਰ ’ਤੇ ਨਵੀਨੀਕਰਣ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਨਾਂ ਕਿਹਾ ਕਿ ਛੱਪੜ ਦੀ ਖੁਦਾਈ, ਤੁਰਨ ਲਈ ਰਸਤਾ, ਛੱਪੜ ਦੇ ਆਲੇ ਦੁਆਲੇ ਪੌਦੇ ਲਗਾਉਣਾ ਆਦਿ ਕੰਮ ਸ਼ਾਮਿਲ ਹੋਣਗੇ।
ਇਸ ਮੌਕੇ ਐਸ.ਡੀ.ਐਮ. ਹਰਜਿੰਦਰ ਸਿੰਘ ਜੱਸਲ, ਡੀ.ਡੀ.ਪੀ.ਓ ਨਵਨੀਤ ਜੋਸ਼ੀ ਸਮੇਤ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸ਼ਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

