ਬਿਊਰੋ, ਪ੍ਰਾਈਮ ਪੋਸਟ ਪੰਜਾਬ
ਆਮ ਆਦਮੀ ਪਾਰਟੀ ਖਿਲਾਫ ਟਿੱਪਣੀਆਂ ਦੇ ਮਾਮਲੇ ‘ਚ ਹੁਣ ਪੰਜਾਬ ਪੁਲਿਸ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚ ਗਈ ਹੈ। ਇਸ ਦੀ ਜਾਣਕਾਰੀ ਖੁਦ ਕੁਮਾਰ ਨੇ ਟਵੀਟ ਕਰਕੇ ਦਿੱਤੀ ਤੇ ਪੁਲਿਸ ਦੇ ਘਰ ਪਹੁੰਚਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ । ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਵਿਸ਼ਵਾਸ ਖਿਲਾਫ ਕੀ ਮਾਮਲਾ ਦਰਜ ਕੀਤਾ ਗਿਆ ਹੈ।
ਆਪਣੇ ਟਵੀਟ ਵਿੱਚ ਕੁਮਾਰ ਨੇ ਲਿਖਿਆ, ‘ਸਵੇਰੇ-ਸਵੇਰੇ ਪੰਜਾਬ ਪੁਲਿਸ ਦੁਆਰ ‘ਤੇ ਪਧਾਰੀ ਹੈ। ਮੇਰੇ ਵੱਲੋਂ ਹੀ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਚਿਤਾਵਨੀ ਦੇ ਰਿਹਾ ਹਾਂ ਕਿ ਤੁਸੀਂ, ਦਿੱਲੀ ਵਿੱਚ ਬੈਠੇ ਜਿਸ ਆਦਮੀ ਨੂੰ, ਪੰਜਾਬ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਨਾਲ ਖੇਡਣ ਦੇ ਰਹੇ ਹੋ ਉਹ ਇੱਕ ਦਿਨ ਤੁਹਾਨੂੰ ਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ। ਦੇਸ਼ ਮੇਰੀ ਚਿਤਾਵਨੀ ਯਾਦ ਰਖੇ।
ਦੱਸ ਦੇਈਏ ਕਿ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁਮਾਰ ਵਿਸ਼ਵਾਸ ਦੇ ਬਿਆਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਉਸ ਬਿਆਨ ‘ਚ ਵਿਸ਼ਵਾਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਹੈ। ਉਨ੍ਹਾਂ ਇਸ ‘ਤੇ ਕੇਜਰੀਵਾਲ ਤੋਂ ਜਵਾਬ ਵੀ ਮੰਗਿਆ ਸੀ। ਹਾਲਾਂਕਿ ਇਸ ਦੇ ਜਵਾਬ ‘ਚ ਕੇਜਰੀਵਾਲ ਨੇ ਖੁਦ ਨੂੰ ਸਵੀਟ ਅੱਤਵਾਦੀ ਦੱਸਦੇ ਹੋਏ ਕਿਹਾ ਸੀ ਕਿ ਉਹ ਲੋਕਾਂ ਲਈ ਸਕੂਲ ਅਤੇ ਹਸਪਤਾਲ ਬਣਾ ਰਹੇ ਹਨ।
ਪੰਜਾਬ ਪੁਲਿਸ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਬਿਆਨਾਂ ਨੂੰ ਲੈ ਕੇ ਮੋਹਾਲੀ ਸਥਿਤ ਸਾਈਬਰ ਕ੍ਰਾਈਮ ਸੈੱਲ ‘ਚ ਤੇਜ਼ੀ ਨਾਲ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਦਿੱਲੀ ਵਿੱਚ ਭਾਜਪਾ ਆਗੂ ਤੇਜਿੰਦਰ ਬੱਗਾ, ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਕੁਮਾਰ ਜਿੰਦਲ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਵੀ ਪੰਜਾਬ ਪੁਲਿਸ ਜਾਂਚ ਲਈ ਦਿੱਲੀ ਪਹੁੰਚ ਗਈ ਸੀ।

