ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸਾਲ 2021 ਵਿੱਚ ਕੋਲਕਾਤਾ ‘ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਸਾਥੀ ਹਰਬੀਰ ਸਿੰਘ ਸੋਹਲ ਨੂੰ ਮੋਹਾਲੀ ਪੁਲਿਸ ਨੇ ਕੱਲ੍ਹ ਗ੍ਰਿਫਤਾਰ ਕੀਤਾ ਹੈ। ਸੋਹਲ ਪੇਸ਼ੇ ਤੋਂ ਗਾਇਕ ਅਤੇ ਗੀਤਕਾਰ ਹੈ।
ਹਰਬੀਰ ਸਿੰਘ ਸੋਹਲ ਅੰਮ੍ਰਿਤਸਰ ਦੇ ਪਿੰਡ ਭਿੰਡੀ ਔਲਖ ਦਾ ਰਹਿਣ ਵਾਲਾ ਹੈ। ਲੁਧਿਆਣਾ ਦੇ ਜਗਰਾਓਂ ਵਿੱਚ 15 ਮਈ 2021 ਨੂੰ ਦੋ ਥਾਣੇਦਾਰਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰਨ ਵਿੱਚ ਵੀ ਸ਼ਾਮਲ ਸੀ। ਉਸ ਕੋਲੋਂ ਪੁਲਿਸ ਨੇ ਤੀਹ ਬੋਰ ਦੀ ਚਾਈਨੀਜ਼ ਪਿਸਤੌਲ, ਤਿੰਨ ਮੈਗਜ਼ੀਨ, ਨੌਂ ਐਮ ਐਮ ਪਿਸਤੌਲ ਦੇ ਚਾਰ ਮੈਗਜ਼ੀਨ ਅਤੇ 50 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਹਰਬੀਰ ਸਿੰਘ ਸੋਹਲ ਨੂੰ ਖਰੜ ਦੇ ਭਾਗੋਮਾਜਰਾ ਵਾਲੇ ਇੱਕ ਫਲੈਟ ਤੋਂ ਗ੍ਰਿਫਤਾਰ ਕੀਤਾ, ਪਰ ਉਸ ਦਾ ਸਾਥੀ ਅੰਮ੍ਰਿਤਪਾਲ ਸਿੰਘ ਸੱਤਾ ਫਰਾਰ ਹੋ ਗਿਆ। ਸੱਤਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਜੀਦਪੁਰ (ਬੱਸੀ ਪਠਾਣਾਂ) ਦਾ ਵਾਸੀ ਹੈ। ਪੁਲਿਸ ਨੇ ਇਸ ਕੇਸ ਵਿੱਚ ਹਰਬੀਰ ਸੋਹਲ ਸਮੇਤ ਚਾਰ ਗੈਂਗਸਟਰ ਨਾਮਜ਼ਦ ਕੀਤੇ ਅਤੇ ਉਨ੍ਹਾਂ ਖਿਲਾਫ ਆਰਮਜ਼ ਐਕਟ ਤੇ ਕਈ ਹੋਰ ਧਾਰਾਵਾਂ ਦਾ ਕੇਸ ਦਰਜ ਕੀਤਾ ਹੈ। ਦੋ ਹੋਰ ਗੈਂਗਸਟਰ ਅਰਸ਼ਦੀਪ ਸਿੰਘ ਅਰਸ਼ ਤੇ ਗੁਰਜੰਟ ਸਿੰਘ ਜੈਂਟਾ ਹਨ। ਅਰਸ਼ ਕੈਨੇਡਾ ਅਤੇ ਜੈਂਟਾ ਆਸਟਰੇਲੀਆ ਵਿੱਚ ਹੈ। ਹਰਬੀਰ ਸੋਹਲ ਨੂੰ ਖਰੜ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਹੈ।ਪੁੱਛਗਿੱਛ ਵਿੱਚ ਪਤਾ ਲੱਗਾ ਕਿ ਕੈਨੇਡਾ ਵਿੱਚ ਬੈਠੇ ਅਰਸ਼ਦੀਪ ਸਿੰਘ ਅਰਸ਼ ਤੇ ਆਸਟਰੇਲੀਆ ਵਿੱਚ ਬੈਠੇ ਗੁਰਜੰਟ ਸਿੰਘ ਜੈਂਟਾ ਦੋਵੇਂ ਹਰਬੀਰ ਸਿੰਘ ਸੋਹਲ ਤੇ ਅੰਮ੍ਰਿਤਪਾਲ ਸਿੰਘ ਸੱਤਾ ਦੇ ਸੰਪਰਕ ਵਿੱਚ ਸਨ। ਉਹ ਇੰਟਰਨੈਟ ਕਾਲਿੰਗ ਤੋਂ ਇੱਕ ਦੂਜੇ ਨਾਲ ਗੱਲ ਕਰਦੇ ਸਨ। ਸੋਹਲ ਤੇ ਸੱਤਾ ਵਿਦੇਸ਼ ਵਿੱਚ ਬੈਠੇ ਇਨ੍ਹਾਂ ਗੈਂਗਸਟਰਾਂ ਤੋਂ ਪੰਜਾਬ ਵਿੱਚ ਕਾਰੋਬਾਰੀਆਂ ਨੂੰ ਫਿਰੌਤੀ ਲਈ ਫੋਨ ਕਰਵਾਉਂਦੇ ਅਤੇ ਖਰੜ ਤੋਂ ਗੈਂਗ ਨੂੰ ਅਪਡੇਟ ਕਰਦੇ ਸਨ।ਹਰਬੀਰ ਤੇ ਅੰਮ੍ਰਿਤਪਾਲ ਸਿੰਘ ਸੱਤਾ ਨੇ ਖਰੜ ਦੇ ਕਈ ਇਲਾਕਿਆਂ ਵਿੱਚ ਲੁਕਣ ਟਿਕਾਣੇ ਬਣਾਏ ਸਨ। ਜੈਪਾਲ ਭੁੱਲਰ ਤੇ ਜੱਸੀ ਦੇ ਐਨਕਾਊਂਟਰ ਪਿੱਛੋਂ ਦੋਵੇਂ ਗਿਰੋਹਾਂ ਨੂੰ ਇਹ ਹੀ ਅੱਗੇ ਵਧਾ ਰਹੇ ਸਨ। ਹਰਬੀਰ ਸੋਹਲ ਗੈਂਗਸਟਰ ਜੈਪਾਲ ਭੁੱਲਰ ਦਾ ਫਾਇਨਾਂਸ ਦਾ ਕੰਮ ਵੀ ਸੰਭਾਲਦਾ ਸੀ। ਉਸ ਨੇ ਆਪਣੇ ਅਤੇ ਰਿਸ਼ਤੇਦਾਰਾਂ ਦੇ ਨਾਂਅ ਉੱਤੇ ਜੈਪਾਲ ਭੁੱਲਰ ਲਈ ਕਾਫੀ ਪ੍ਰਾਪਰਟੀ ਖਰੀਦੀ ਹੋਈ ਸੀ। ਪੁਲਿਸ ਇਸ ਦੀ ਵੀ ਜਾਂਚ ਕਰੇਗੀ।

