ਸੰਜੀਵ ਜਿੰਦਲ
ਬਠਿੰਡਾ ( ਪ੍ਰਾਈਮ ਪੋਸਟ ਪੰਜਾਬ ) : ਬਠਿੰਡਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਸਿਰਕੀ ਬਾਜ਼ਾਰ ’ਚ ਸ਼ਾਮ 6 ਵਜੇ ਇਕ ਔਰਤ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੈ। ਇਸ ਬਾਜ਼ਾਰ ਦੇ ਮਸ਼ਹੂਰ ਨਿੰਮ ਵਾਲਾ ਚੌਕ ਨੇੜੇ ਰਾਮ ਸਿੰਘ ਨਾਂ ਦਾ ਵਿਅਕਤੀ ਸਾਈਕਲ ਰਿਪੇਅਰ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ 42 ਸਾਲਾ ਔਰਤ ਬਿਜਲੀ ਰਾਣੀ ਅਤੇ ਉਸ ਦਾ ਪਤੀ ਕਨ੍ਹੱਈਆ ਲਾਲ ਵੀ ਸਾਈਕਲ ਰਿਪੇਅਰ ਦਾ ਕੰਮ ਕਰਨ ਲੱਗ ਗਏ।
ਰਾਮ ਸਿੰਘ ਇਸ ਗੱਲ ਤੋਂ ਨਾਰਾਜ਼ ਹੋ ਗਿਆ ਕਿ ਉਸ ਦਾ ਕਾਰੋਬਾਰ ਬਰਬਾਦ ਹੋ ਜਾਵੇਗਾ। ਪਹਿਲਾਂ ਤਾਂ ਉਸ ਨੇ ਪਤੀ-ਪਤਨੀ ਨਾਲ ਬਦਸਲੂਕੀ ਕੀਤੀ ਅਤੇ ਗੁੱਸੇ ’ਚ ਆ ਕੇ ਦਰਜਨਾਂ ਚਾਕੂਆਂ ਦੇ ਵਾਰ ਕਰ ਕੇ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਇਸ ਦੌਰਾਨ ਉਸਦਾ ਪਤੀ ਉਸ ਨੂੰ ਬਚਾਉਣ ਲਈ ਆਇਆ ਤਾਂ ਉਸ ’ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਬਿਜਲੀ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਨ੍ਹੱਈਆ ਲਾਲ ਨੂੰ ਜ਼ਖਮੀ ਹਾਲਤ ’ਚ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਨੌਜਵਾਨ ਸਭਾ ਦੀ ਮਦਦ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਰਾਮ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

