ਚੰਡੀਗੜ੍ਹ: ਆਦਮੀ ਪਾਰਟੀ ਦੇ ਵਿਧਾਇਕ ਮੰਗਲਵਾਰ ਨੂੰ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਏ। ਪਟਿਆਲਾ ਦੇ ਸਨੌਰ ਹਲਕੇ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ। ਜਦੋਂ ਪੁਲਿਸ ਹਰਮੀਤ ਨੂੰ ਥਾਣੇ ਲੈ ਜਾ ਰਹੀ ਸੀ, ਤਾਂ ਉਸਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ, ਹਰਮੀਤ ਨੂੰ ਧਾਰਾ 376 ਆਈਪੀਸੀ ਦੇ ਤਹਿਤ ਬਲਾਤਕਾਰ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੱਲ੍ਹ, ਸਰਕਾਰ ਨੇ ਵਿਧਾਇਕ ਦੀ ਸੁਰੱਖਿਆ ਵੀ ਵਾਪਸ ਲੈ ਲਈ ਸੀ ਕਿਉਂਕਿ ਉਸਦੇ ਬਿਆਨ ਉਸਦੀ ਆਪਣੀ ਸਰਕਾਰ ਦੇ ਵਿਰੁੱਧ ਸਨ। ਹਰਮੀਤ ਨੇ ਪੰਜਾਬ ਵਿੱਚ ਹੜ੍ਹਾਂ ਲਈ ਸਿੰਚਾਈ ਵਿਭਾਗ ਦੇ ਮੁੱਖ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਸਨੇ ਆਪਣੇ ਹੜ੍ਹ ਪ੍ਰਭਾਵਿਤ ਸਨੌਰ ਹਲਕੇ ਦੀਆਂ ਸਮੱਸਿਆਵਾਂ ਉਠਾਈਆਂ ਅਤੇ ਦਰਿਆ ਦੀ ਸਫਾਈ ਦੇ ਮੁੱਦੇ ‘ਤੇ ਅਧਿਕਾਰੀਆਂ ਅਤੇ ਉਸਦੀ ਸਰਕਾਰ ਦੀ ਆਲੋਚਨਾ ਕੀਤੀ। ਪੁਲਿਸ ਅਧਿਕਾਰੀਆਂ ਅਨੁਸਾਰ, ਪਠਾਨਮਾਜਰਾ ਵਿਰੁੱਧ ਸ਼ਿਕਾਇਤ ਦੀ ਜਾਂਚ ਪਹਿਲਾਂ ਹੀ ਚੱਲ ਰਹੀ ਸੀ। 26 ਅਗਸਤ ਨੂੰ ਸਬੰਧਤ ਔਰਤ ਨੇ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਵਿਧਾਇਕ ‘ਤੇ ਵਿਆਹ ਦੇ ਬਹਾਨੇ ਉਸਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਸਾਲ 2022 ਵਿੱਚ, ਹਰਮੀਤ ‘ਤੇ ਉਸਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਆਪਣੇ ਪਹਿਲੇ ਵਿਆਹ ਨੂੰ ਲੁਕਾਉਣ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਇੱਕ ਕਥਿਤ ਅਸ਼ਲੀਲ ਵੀਡੀਓ ਵੀ ਵਾਇਰਲ ਹੋਇਆ ਸੀ। ਪਟਿਆਲਾ ਸੀਆਈਏ ਸਟਾਫ ਇੰਚਾਰਜ ਪ੍ਰਦੀਪ ਬਾਜਵਾ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਿਸ ਪਾਰਟੀ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਹਰਿਆਣਾ ਦੇ ਕਰਨਾਲ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਸੀ। ਉੱਥੋਂ ਵਿਧਾਇਕ ਨੂੰ ਡਾਬਰੀ ਦੇ ਸਥਾਨਕ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ, ਪਰ ਹਰਮੀਤ ਨੇ ਕੁਝ ਸਮਾਜ ਵਿਰੋਧੀ ਅਨਸਰਾਂ ਨਾਲ ਮਿਲ ਕੇ ਪਿੰਡ ਵਾਸੀਆਂ ਦੀ ਭੀੜ ਦਾ ਫਾਇਦਾ ਉਠਾਉਂਦੇ ਹੋਏ ਪੁਲਿਸ ਪਾਰਟੀ ‘ਤੇ ਪੱਥਰਬਾਜ਼ੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਪਠਾਨਮਾਜਰਾ ਆਪਣੇ ਸਾਥੀਆਂ ਨਾਲ ਸਕਾਰਪੀਓ ਕਾਰ ਵਿੱਚ ਮੌਕੇ ਤੋਂ ਭੱਜ ਗਿਆ, ਜਦੋਂ ਕਿ ਉਸਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਫੜ ਲਿਆ ਗਿਆ ਹੈ। ਉਸ ਤੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਇੱਕ ਫਾਰਚੂਨਰ ਕਾਰ ਜ਼ਬਤ ਕੀਤੀ ਗਈ ਹੈ।