
ਸੰਜੀਵ ਜਿੰਦਲ
ਸਰਦੂਲਗੜ੍ਹ/ਮਾਨਸਾ 28 ਅਗਸਤ : ਲਗਾਤਾਰ ਭਾਰੀ ਮੀਂਹ ਕਾਰਨ ਹੜ੍ਹਾਂ ਜਿਹੀ ਸਥਿਤੀ ਬਣਨ ਦੇ ਸਦਕਾ ਪਾਣੀ ਦੇ ਵਧ ਰਹੇ ਪੱਧਰ ਦਾ ਜਾਇਜ਼ਾ ਲੈਣ ਲਈ ਅੱਜ ਦੂਸਰੇ ਦਿਨ ਵੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਘੱਗਰ ਦਰਿਆ ਦਾ ਦੌਰਾ ਕੀਤਾ। ਕੱਲ ਚਾਂਦਪੁਰਾ ਬੰਨ੍ਹ ਦਾ ਦੌਰਾ ਕਰਨ ਉਪਰੰਤ ਉਨ੍ਹਾਂ ਅੱਜ ਸਰਦੂਲਗੜ੍ਹ ਵਿਖੇ ਦਰਿਆ ਦਾ ਦੌਰਾ ਕੀਤਾ ।
ਇਸ ਮੌਕੇ ਮੀਡੀਆ ਕਰਮੀਆਂ ਦੇ ਕੁਝ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਘੱਗਰ ਦੇ ਪਾਣੀ ਨੂੰ ਸੰਭਾਲਣ ਦੀ 26 ਫੁੱਟ ਤੱਕ ਦੀ ਸਮਰੱਥਾ ਹੈ ਅਤੇ ਇਸ ਵੇਲੇ ਇਸ ਦਰਿਆ ਵਿੱਚ 20 ਫੁੱਟ ਤੱਕ ਪਾਣੀ ਦਾ ਵਹਾਅ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਨੁਮਾਇੰਦੇ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਵਚਨਬੱਧ ਹਨ ਅਤੇ ਪਾਣੀ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਪਹਿਲਾਂ ਤੋਂ ਹੀ ਜਾਇਜ਼ਾ ਲਿਆ ਜਾ ਚੁੱਕਾ ਹੈ ਅਤੇ ਬਦਲਵੇਂ ਪ੍ਰਬੰਧਾਂ ਦਾ ਇੰਤਜ਼ਾਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ।
ਇਸ ਦੌਰੇ ਉਪਰੰਤ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਵੀ ਉਨ੍ਹਾਂ ਮੀਟਿੰਗ ਕੀਤੀ ਤੇ ਵਧ ਰਹੇ ਪਾਣੀ ਕਾਰਨ ਬਣ ਰਹੀ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ।
ਇਸ ਮੌਕੇ ਡੀ ਐਸ ਪੀ ਮਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਘੱਗਰ ਦਰਿਆ ਵਿੱਚ ਨਜਾਇਜ਼ ਪਾਈਪ ਪਾ ਕੇ ਆਪਣੇ ਖੇਤਾਂ ਵਿੱਚ ਪਾਣੀ ਪਾਉਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਦਰਿਆ ਦੇ ਕੰਢੇ ਖੁਰਨ ਅਤੇ ਟੁੱਟਣ ਦਾ ਖਦਸ਼ਾ ਵਧ ਜਾਂਦਾ ਹੈ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਗੁਰਲੀਨ ਕੌਰ ਆਈ.ਏ.ਐਸ., ਐਸ.ਡੀ.ਐਮ. ਕਾਲਾ ਰਾਮ ਕਾਂਸਲ, ਅੇਕਸੀਅਨ ਡਰੇਨੇਜ਼ ਭਾਵੁਕ ਸ਼ਰਮਾ, ਐਸ.ਡੀ.ਓ. ਵਿਕਾਸ ਸਿੰਗਲਾ ਅਦਿ ਮੌਜੂਦ ਸਨ।