
ਸੰਜੀਵ ਜਿੰਦਲ
ਮਾਨਸਾ, 27 ਅਗਸਤ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਅਤੇ ਜ਼ਿਲਾ ਪ੍ਰਧਾਨ ਗੋਮਾ ਰਾਮ ਦੀ ਅਗਵਾਈ ਹੇਠ ਅੱਜ ਭਾਜਪਾ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੂੰ ਇੱਕ ਮੰਗ ਪੱਤਰ ਦੇ ਕੇ ਮੀਂਹਾਂ ਨਾਲ ਹੋਏ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਤੇ ਭਾਜਪਾ ਵੱਲੋਂ ਲਗਾਏ ਜਾ ਰਹੇ ਕੈਂਪਾਂ ਤੇ ਰੋਕ ਹਟਾਉਣ ਦੀ ਮੰਗ ਕੀਤੀ ਹੈ।
ਮੰਗ ਪੱਤਰ ਰਾਹੀਂ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਭਾਰੀ ਮੀਂਹਾਂ ਨਾਲ ਹੋਏ ਨੁਕਸਾਨ ਚ ਲਗਪਗ 20 ਹਜ਼ਾਰ ਏਕੜ ਝੋਨੇ ਤੇ ਨਰਮੇ ਦੀ ਫਸਲ ਖਰਾਬ ਹੋਣ ਦਾ ਜਿਕਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਹਜ਼ਾਰਾਂ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਹੈ ਜਦਕਿ ਕਈ ਦੁਕਾਨਦਾਰਾਂ ਦੇ ਗੋਦਾਮਾਂ ਤੇ ਘਰਾਂ ਵਿੱਚ ਪਾਣੀ ਵੜਨ ਨਾਲ ਉਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਭਾਜਪਾ ਨੇ ਮੰਗ ਕੀਤੀ ਕਿ ਤੁਰੰਤ ਮੀਂਹਾਂ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਯੋਗ ਮੁਆਵਜ਼ਾ ਜਾਰੀ ਕੀਤਾ ਜਾਵੇ।
ਇਸਦੇ ਨਾਲ ਹੀ ਭਾਜਪਾ ਦੇ ਲਗਪਗ 150 ਸੇਵਾ ਕੈਂਪਾਂ ‘ਤੇ ਲਗਾਈ ਗਈ ਰੋਕ ਦਾ ਸਖ਼ਤ ਵਿਰੋਧ ਕੀਤਾ ਗਿਆ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਹੁਣ ਤੱਕ 10 ਹਜ਼ਾਰ ਤੋਂ ਵੱਧ ਗਰੀਬ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਗਏ, 5 ਹਜ਼ਾਰ ਨੌਜਵਾਨਾਂ ਨੂੰ ਤਕਨੀਕੀ ਸਿਖਲਾਈ ਦੇ ਕੇ ਰੁਜ਼ਗਾਰ ਨਾਲ ਜੋੜਿਆ ਗਿਆ।ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਤੋਂ ਘਬਰਾਕੇ ਇਹ ਰੋਕ ਲਗਾ ਰਹੀ ਹੈ। ਇਹ ਫ਼ੈਸਲਾ ਸਿਰਫ਼ ਪਾਰਟੀ ਦੇ ਖ਼ਿਲਾਫ਼ ਨਹੀਂ ,ਸਗੋਂ ਆਮ ਲੋਕਾਂ ਦੇ ਹਿੱਤਾਂ ‘ਤੇ ਸਿੱਧਾ ਵਾਰ ਹੈ। ਭਾਜਪਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਰੋਕ ਵਾਪਸ ਨਾ ਲਈ ਤਾਂ ਇਸ ਮੁੱਦੇ ਨੂੰ ਵਿਧਾਨ ਸਭਾ ਤੋਂ ਲੈ ਕੇ ਸੜਕਾਂ ਤੱਕ ਵੱਡੇ ਪੱਧਰ ‘ਤੇ ਚੁੱਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ “ਭਾਜਪਾ ਹਮੇਸ਼ਾ ਆਮ ਲੋਕਾਂ ਦੇ ਹੱਕਾਂ ਲਈ ਲੜਦੀ ਆਈ ਹੈ। ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਅਤੇ ਗਰੀਬਾਂ ਦੀ ਸੇਵਾ ਉਸਦੀ ਪਹਿਲ ਹੈ।ਉਨਾਂ ਕਿਹਾ ਕਿ ਸਰਕਾਰ ਭਾਵੇਂ ਕਿੰਨੀਆਂ ਵੀ ਰੋਕਾਂ ਲਗਾ ਲਵੇ, ਭਾਜਪਾ ਲੋਕਾਂ ਦੀ ਸੇਵਾ ਤੋਂ ਪਿੱਛੇ ਨਹੀਂ ਹਟੇਗੀ।”
ਇਸ ਮੌਕੇ ਜ਼ਿਲਾ ਪ੍ਰਧਾਨ ਗੋਮਾ ਰਾਮ ਪੂਨੀਆ, ਸਾਬਕਾ ਜ਼ਿਲਾ ਪ੍ਰਧਾਨ ਰਕੇਸ਼ ਜੈਨ, ਰੋਹਿਤ ਬਾਂਸਲ, ਮੱਖਣ ਬਾਂਸਲ, ਹਲਕਾ ਇੰਚਾਰਜ ਮਨਦੀਪ ਮਾਨ, ਅਮਰਜੀਤ ਕਟੋਦੀਆ, ਗੁਰਤੇਜ ਸਿੰਘ ਸਮਾਓ, ਦਿਲਬਾਗ ਸਿੰਘ, ਵਿਨੋਦ ਕੁਮਾਰ ਭੰਮਾ, ਵਿਨੋਦ ਕਾਲੀ, ਬਲਵਿੰਦਰ ਸਿੰਘ ਖਿਆਲਾ, ਮਾਧੋ ਮੁਰਾਰੀ ਆਦਿ ਹਾਜ਼ਰ ਸਨ।