
ਡਾ.ਬਲਦੇਵ ਸਿੰਘ ਔਲਖ ਨੇ ਅੰਗਦਾਨ ਕਰਨ ਬਾਰੇ ਦਿੱਤੀ ਬਹੁਮੁੱਲੀ ਜਾਣਕਾਰੀ
ਸੰਜੀਵ ਜਿੰਦਲ
ਮਾਨਸਾ, 8 ਜੂਨ : ‘ਵਾਇਸ ਆਫ ਮਾਨਸਾ ” ਵਲੋਂ ਆਈ ਐਮ ਏ ਮਾਨਸਾ ਅਤੇ ਈਕੋ ਵੀਲਰਜ਼ ਕਲੱਬ ਨਾਲ ਮਿਲ ਕੇ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਐਸ ਐਸ ਪੀ ਭਗੀਰਥ ਸਿੰਘ ਮੀਣਾ ਨੇ ਇਸ ਉਦਮ ਦੀ ਸ਼ੰਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਅੱਖਾਂ ਅਤੇ ਹੋਰ ਅਹਿਮ ਅੰਗਾਂ ਦੇ ਦਾਨ ਕਰਨ ਨਾਲ ਬਹੁਤ ਸਾਰੀਆਂ ਹੋਰ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਪਰੰਤੂ ਇਸ ਲਈ ਅੰਗਦਾਨ ਨੂੰ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਕੇ ਲੋਕ ਲਹਿਰ ਵਜੋਂ ਉਭਾਰਿਆ ਜਾਣਾ ਚਾਹੀਦਾ ਹੈ। ਉਹਨਾਂ ਵਲੋਂ ਅੰਗਦਾਨੀ ਵਜੋਂ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦਾ ਵੀ ਐਲਾਨ ਕੀਤਾ।
ਵਾਇਸ ਆਫ ਮਾਨਸਾ ਦੇ ਪ੍ਰੋਜੈਕਟ ਮੈਨੇਜਰ ਡਾ ਲ਼ਖਵਿੰਦਰ ਸਿੰਘ ਮੂਸਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਨ ਜਨ ਵਿਚ ਅੰਗਦਾਨ ਦੀ ਅਲਖ ਜਗਾਉਣ ਲਈ ਅੰਧ ਵਿਸ਼ਵਾਸ ਦੂਰ ਕਰਨ ਦੀ ਅਪੀਲ ਕੀਤੀ। ਸੰਸਥਾ ਅਤੇ ਆਈ ਐਮ ਏ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਮਾਨਸਾ ਜਿਲ਼੍ਹੇ ਵਿਚ ਅੱਖਾਂ ਦਾਨ, ਖੂਨਦਾਨ ਅਤੇ ਸਰੀਰ ਦਾਨ ਕਰਨ ਦੀ ਅਮੀਰ ਵਿਰਾਸਤ ਦਾ ਜ਼ਿਕਰ ਕਰਦਿਆ ਮਾਨਸਾ ਦੇ ਖੂਨਦਾਨੀਆਂ ਅਤੇ ਅੱਖਾਂ ਦੇ ਦਾਨ ਲਈ ਸਮਾਜਿਕ ਪੱਧਰ ਤੇ ਬਹੁਤ ਸਾਲਾਂ ਤੋਂ ਕਾਰਜ਼ਸ਼ੀਲ ਸਮਾਜਿਕ ਨੁੰਮਾਇੰਦਿਆਂ ਨੂੰ ਹੁਣ ਅੰਗਦਾਨ ਲਈ ਵੀ ਉਚੇਚਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਉਹਨਾਂ ਵਲੋਂ ਸੰਜੀਵ ਕੁਮਾਰ ਪਿੰਕਾ, ਬਲਜੀਤ ਸ਼ਰਮਾ ਅਤੇ ਕ੍ਰਿਸ਼ਾਨ ਸੇਠੀ ਵਲੋਂ ਨਿਭਾਈ ਭੂਮੀਕਾ ਬਾਰੇ ਵੀ ਸਭ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਨ੍ਹਾਂ ਵਰਗੇ ਹੋਰ ਵਲੰਟੀਅਰ ਵੀ ਮਾਨਸਾ ਵਿਚ ਪੈਦਾ ਹੋਣ ਨਾਲ ਇਹ ਮੁਹਿੰਮ ਲੋਕ ਲਹਿਰ ਦਾ ਰੂਪ ਧਾਰਨ ਕਰ ਸਕੇਗੀ।
ਆਈ ਐਮ ਏ ਮਾਨਸਾ ਦੇ ਸਕੱਤਰ ਡਾ ਸ਼ੇਰ ਜੰਗ ਸਿੱਧੂ ਨੇ ਸਟੇਜ ਦੀ ਕਾਰਵਾਈ ਸੰਭਾਲਣ ਦੇ ਨਾਲ ਨਾਲ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਬਲਦੇਵ ਸਿੰਘ ਔਲਖ ਵਲੋਂ ਪੰਜਾਬ ਦੇ ਪਹਿਲੇ ਕਿਡਨੀ ਟਰਾਂਸਪਲਾਂਟ ਕੀਤੇ ਜਾਣ ਅਤੇ ਹੋਰ ਉਪਲੱਬਧੀਆਂ ਦੀ ਵੀ ਵਿਸਥਾਰਪੂਰਵਕ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਪੇਸ਼ਾਬ ਦੀਆਂ ਬਿਮਾਰੀਆਂ ਅਤੇ ਗੁਰਦਿਆਂ ਦੇ ਤਬਦੀਲ ਕੀਤੇ ਜਾਣ ਦੇ ਮਾਹਿਰ ਡਾ ਬਲਦੇਵ ਸਿੰਘ ਔਲ਼ਖ ਨੇ ਵੱਡੀ ਗਿਣਤੀ ਵਿਚ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪਿੰਡ ਅਕਲੀਆ ਦੇ ਸਰਪੰਚ ਅਤੇ ਮੌਜੀਆ ਤੋਂ ਪਹੁੰਚੇ ਵਲੰਟੀਅਰਾਂ ਦਾ ਸਵਾਗਤ ਕਰਦਿਆਂ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ 16 ਜ਼ਿਲ੍ਹਿਆਂ ਵਿਚ ਉਹਨਾ ਵੱਲੋਂ ਇਸ ਤਰ੍ਹਾਂ ਦੇ ਸੈਮੀਨਾਰ ਕੀਤੇ ਜਾ ਚੁੱਕੇ ਹਨ ਪਰੰਤੂ ਮਾਨਸਾ ਦੇ ਲੋਕਾਂ ਦਾ ਉਤਸ਼ਾਹ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਅੰਗਦਾਨੀ ਭਵਿੱਖ ਵਿਚ ਉਭਰ ਕੇ ਆੁੳਣਗੇ।
ਉਹਨਾਂ ਵਲੋਂ ਕਿਹੜੇ ਕਿਹੜੇ ਅੰਗਦਾਨ ਕੀਤੇ ਜਾ ਸਕਦੇ ਹਨ ਅਤੇ ਕਿੰਨੇ ਸਮੇਂ ਕੀਤੇ ਜਾ ਸਕਣ ਅਤੇ ਇਸ ਸਬੰਧੀ ਮੈਡੀਕਲ ਅਤੇ ਕਾਨੂੰਨੀ ਮਸਲਿਆਂ ਤੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਉਹਨਾਂ ਵਲੋਂ ਅੰਗਦਾਨ ਕਾਰਡ ਆਪਣੇ ਕੋਲ ਹਮੇਸ਼ਾਂ ਰੱਖਣ ਦੀ ਲੋੜ ਤੇ ਵੀ ਜ਼ੋਰ ਦਿੱਤਾ।ਉਹਨਾਂ ਵਲੋਂ ਆਏ ਹੋਏ ਮਹਿਮਾਨਾਂ ਸੋਸ਼ਲਸਿਟ ਪਾਰਟੀ ਦੇ ਹਰਿੰਦਰ ਸਿੰਘ ਮਾਨਸ਼ਾਹੀਆ, ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ , ਪੁਲਿਸ ਪੈਨਸ਼ਰਨਰਜ਼ ਯੂਨੀਅਨ ਦੇ ਮੇਜਰ ਸਿੰਘ ਅਤੇ ਸਭਿਆਚਾਰਕ ਵਿਕਾਸ ਮੰਚ ਦੇ ਸਰਬਜੀਤ ਕੌਸ਼ਲ ਅਤੇ ਬਲਰਾਜ ਨੰਗਲ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਅਤੇ ਇਕ ਲੋੜਵੰਦ ਵਿਅਕਤੀ ਵੱਲੋਂ ਉਹਨਾਂ ਤੋਂ ਇਲਾਜ ਕਰਵਾਏ ਜਾਣ ਤੇ ਮੱਦਦ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ।
ਅੰਤ ਵਿਚ ਨਗਰ ਕੌਂਸਲ ਦੇ ਸਬਾਕਾ ਪ੍ਰਧਾਨ ਅਤੇ ਸੰਸਥਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਕਾ , ਕੈਸ਼ੀਅਰ ਨਰੇਸ਼ ਬਿਰਲਾ ਅਤੇ ਸਕੱਤਰ ਵਿਸ਼ਵਦੀਪ ਬਰਾੜ ਸਮੇਤ ਹੋਰਨਾਂ ਮੈਂਬਰਾਂ ਵਲੋਂ ਡਾ ਬਲਦੇਵ ਸਿੰਘ ਔਲਖ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਵਲ ਗੋਇਲ, ਸਮਾਜ ਸੇਵੀ ਮਿੱਠੂ ਰਾਮ ਅਰੋੜਾ, ਸੇਠੀ ਸਿੰਘ ਸਰਾਂ, ਓਮ ਪ੍ਰਕਾਸ਼ ਸਾਬਕਾ ਐਸ ਡੀ ਐਮ, ਰੰਗ ਕਰਮੀ ਰਾਜ ਜੋਸ਼ੀ, ਸੇਵਾ ਮੁਕਤ ਐੱਸ ਡੀ ਓ ਨਰਿੰਦਰ ਸ਼ਰਮਾ ਅਧਿਆਪਕ ਆਗੂ ਹਰਦੀਪ ਸਿੱਧੂ, ਹਰਜੀਵਨ ਸਿੰਘ ਸਰਾਂ,ਲੇਖਿਕਾ ਗੁਰਮੇਲ ਕੌਰ ਜੋਸ਼ੀ, ਡਾ ਗੁਰਪ੍ਰੀਤ ਕੌਰ, ਸਮੇਤ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।