
ਮਾਨਸਾ 05 ਜੂਨ ( ਸੰਜੀਵ ਜਿੰਦਲ ) : ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਸਿਵਲ ਸਰਜਨ ਡਾ਼ ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਪੌਦਿਆਂ ਦੀ ਸਾਂਭ ਸੰਭਾਲ ਅਤੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ।
ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਵਾਤਾਵਰਣ, ਆਬੋ ਹਵਾ ਗੰਧਲੀ ਹੋ ਰਹੀ ਹੈ। ਜਿਸ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆ ਪੀੜ੍ਹੀਆਂ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਨ ਤੋਂ ਵਾਂਝੀਆ ਨਾ ਰਹਿਣ । ਇਹ ਸਾਡੀ ਕਮਾਈ ਹੈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਹਾਈ ਹੋਵੇਗੀ ।
ਇਸ ਮੌਕੇ ਜ਼ਿਲ੍ਹੇ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਪੌਦੇ ਲਗਾਏ ਗਏ। ਸਿਵਲ ਸਰਜਨ ਨੇ ਕਿਹਾ ਕਿ ਔਲੇ ਦੇ ਫ਼ਲ ਵਾਲੇ ਪੌਦੇ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ। ਪੌਦਿਆਂ ਦੀ ਸਹੀ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਛੋਟੇ ਪੰਛੀਆਂ ਦੀਆਂ ਨਸਲਾਂ ਖ਼ਤਮ ਹੋ ਰਹੀਆ ਹਨ ਕਿਉਂਕਿ ਉਨਾਂ ਨੂੰ ਆਪਣਾ ਆਲ੍ਹਣਾ ਪਾਉਣ ਲਈ ਉਚਿਤ ਥਾਂ ਨਹੀ ਮਿਲ ਰਹੀ, ਇਹਨਾਂ ਪੌਦਿਆਂ ਅਤੇ ਵੇਲਾਂ ਵਿੱਚ ਇਹ ਪੰਛੀ ਆਸਾਨੀ ਨਾਲ ਆਲਣਾ ਪਾ ਸਕਦੇ ਹਨ,ਜਿਸ ਨਾਲ ਉਹਨਾਂ ਦੀ ਨਸਲ ਜਿਉਂਦੀ ਰਹਿ ਸਕਦੀ ਹੈ। ਪੰਛੀਆਂ ਦੀਆਂ ਨਸਲਾਂ ਬਚਾਉਣ ਅਤੇ ਸਾਡੀ ਅਗਲੀ ਪੀੜ੍ਹੀ ਅਤੇ ਆਪਣੇ ਬੱਚਿਆ ਨੂੰ ਸਾਨੂੰ ਪੌਦਿਆਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਖ਼ੁਸ਼ੀ ਗ਼ਮੀ ਦੇ ਮੌਕੇ ‘ਤੇ ਬੂਟੇ ਲਗਾਉਣ ਦੀ ਪਿਰਤ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਕੁਦਰਤ ਨਾਲ ਨੇੜਲੀ ਸਾਂਝ ਕਰਕੇ ਕਾਦਰ ਨੂੰ ਪਾੳਣਾ ਸਮੇਂ ਦੀ ਲੋੜ ਹੈ ਤਾਂ ਜੋ ਰੋਜ਼ਾਨਾ ਭੱਜ ਦੌੜ ਭਰੀ ਜ਼ਿੰਦਗੀ ਵਿਚ ਹਰਿਆਵਲ ਭਰਪੂਰ ਵਾਤਾਵਰਣ ਨਾਲ ਜੁੜ ਕੇ ਸਕੂਨ ਹਾਸਲ ਹੁੰਦਾ ਰਹੇ ।
ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾ. ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਨਿਸ਼ੀ ਸੂਦ , ਡਾ. ਸੁਮਿਤ ਐਮ.ਡੀ. ਮੈਡੀਸਨ, ਸੁਖਵਿੰਦਰ ਸਿੰਘ ਚੀਫ ਫਾਰਮੇਸੀ ਅਫਸਰ, ਵਿਜੇ ਕੁਮਾਰ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸੰਤੋਸ਼ ਭਾਰਤੀ ਐਪਿਡੀਮੈਲੋਜਿਸਟ, ਗਿਰਧਾਰੀ ਲਾਲ ਫਾਰਮੇਸੀ ਅਫ਼ਸਰ, ਰਾਮ ਕੁਮਾਰ ਹੈਲਥ ਸੁਪਰਵਾਇਜ਼ਰ, ਲਲਿਤ ਕੁਮਾਰ ਕਲਰਕ, ਜਸਪ੍ਰੀਤ ਕੌਰ ਸਟੈਨੋ, ਨਿਸ਼ੂ, ਗੁਰਪਾਲ ਸਿੰਘ, ਪਸ਼ਵਿੰਦਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।