
ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ‘ਨਸ਼ਿਆਂ ਖਿਲਾਫ ਚੇਤਨਾ’ ਸਮਾਰੋਹ ਆਯੋਜਿਤ
ਬੁਢਲਾਡਾ/ਮਾਨਸਾ, 25 ਮਈ ( ਸੰਜੀਵ ਜਿੰਦਲ ) : ਨਸ਼ਿਆਂ ਦੇ ਖਾਤਮੇ ਲਈ ਵਿਦਿਆਰਥੀਆਂ ਵਿੱਚ ਚੇਤਨਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਨਸ਼ਿਆਂ ਖਿਲਾਫ ਚੇਤਨਾ ਪੈਦਾ ਕਰਨ ਲਈ ਕਰਵਾਏ ਪੇਂਟਿੰਗ, ਗੀਤ ਅਤੇ ਕਵਿਤਾ ਮੁਕਾਬਲਿਆਂ ‘ਚ ਸ਼ਿਰਕਤ ਕਰਨ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਨਸ਼ੇ ਸਮਾਜ ਨੂੰ ਘੁਣ ਵਾਂਗ ਖਾ ਜਾਂਦੇ ਹਨ। ਨਸ਼ੇ ਨੇ ਬਿਨ੍ਹਾਂ ਜ਼ਾਤ,ਧਰਮ, ਮਜ਼ਹਬ, ਅਮੀਰ- ਗਰੀਬ ਦੇਖੇ ਸਮਾਜ ਦਾ ਨੁਕਸਾਨ ਹੀ ਕਰਨਾ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਛੇੜੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਵਿਦਿਆਰਥੀਆਂ ਦੀ ਚੇਤਨਾ ਨੇ ਬਹੁਤ ਵੱਡਾ ਰੋਲ ਅਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਬਹੁਤ ਛੇਤੀ ਇਸ ਧਰਤੀ ਤੇ ਗਿੱਧੇ ਭੰਗੜੇ ਪੈਣਗੇ। ਹੁਣ ਸਮਾਂ ਆ ਗਿਆ ਹੈ ਕਿ ਨਾ ਕਿਸੇ ਮਾਂ ਦੇ ਕੀਰਨੇ ਪੈਣਗੇ,ਹਰ ਭੈਣ ਨੂੰ ਰੱਖੜੀ ਬੰਨਣ ਲਈ ਗੁੱਟ ਮਿਲਣਗੇ ਅਤੇ ਹਰ ਔਰਤ ਦੀ ਮਾਂਗ ਵਿੱਚ ਸੰਧੂਰ ਭਰਿਆ ਰਹੇਗਾ। ਪੰਜਾਬ ਸਰਕਾਰ ‘ ਪੰਜਾਬ ਵੱਸਦਾ ਗੁਰੂਆਂ ਦੇ ਨਾਂ ‘ਤੇ’ ਉਹੀ ਪੰਜਾਬ ਮੁੜ ਬਣਾ ਕੇ ਚੈਨ ਲਵੇਗੀ।
ਸਕੂਲ ਮੁਖੀ ਮਨਦੀਪ ਕੁਮਾਰ ਦੀ ਅਗਵਾਈ ਵਿੱਚ ਨਸ਼ਿਆਂ ਦੇ ਖਾਤਮੇ ਪ੍ਰਤੀ ਚੇਤਨਾ ਪੈਦਾ ਕਰਨ ਲਈ ਇਨਾਂ ਮੁਕਾਬਲਿਆਂ ਦੇ ਨੋਡਲ ਅੰਗਰੇਜ਼ੀ ਮਾਸਟਰ ਪਰਮਜੀਤ ਸਿੰਘ ਨੇ ਪੇਂਟਿੰਗ, ਗੀਤ ਅਤੇ ਕਵਿਤਾ ਮੁਕਾਬਲਿਆਂ ਦਾ ਆਯੋਜਨ ਕਰਵਾਇਆ। ਪੇਂਟਿੰਗ ਮੁਕਾਬਲੇ ਦੇ ਮਿਡਲ ਵਰਗ ਵਿੱਚ ਪਰਮੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਅੱਠਵੀਂ ਨੇ ਪਹਿਲਾਂ, ਈਸ਼ਵਰ ਰਾਮ ਛੇ ਮਹੀਨੇ ਦੂਜਾ ਅਤੇ ਹਸਨਦੀਪ ਕੌਰ ਸੱਤਵੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹਾਈ ਵਰਗ ਵਿੱਚ ਅਨਮੋਲ ਕੌਰ ਨੌਵੀਂ ਨੇ ਪਹਿਲਾ, ਨਵਜੋਤ ਸਿੰਘ ਨੌਵੀਂ ਨੇ ਦੂਜਾ ਅਤੇ ਰੀਤੂ ਸ਼ਰਮਾ ਤੇ ਵੀਰਾ ਕੌਰ ਦਸਵੀਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੀਤ ਅਤੇ ਕਵਿਤਾ ਮੁਕਾਬਲੇ ਵਿੱਚ ਅਰਸ਼ਦੀਪ ਸਿੰਘ ਛੇਵੀਂ ਨੇ ਪਹਿਲਾ ਅਤੇ ਰੀਤੂ ਸ਼ਰਮਾ ਦਸਵੀਂ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਵੱਖ ਵੱਖ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਨਾਮ ਵੰਡੇ।
ਇਸ ਮੌਕੇ ਗੁਰਦੀਪ ਸਿੰਘ ਬੱਬਾ, ਪੰਚ ਬੂਟਾ ਸਿੰਘ, ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।