
60 ਲੱਖ 58 ਲੱਖ ਦੀ ਲਾਗਤ ਨਾਲ ਰਾਮਪੁਰ ਮੰਡੇਰ ਅਤੇ ਕੁਲਾਣਾ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਮਾਨਸਾ, 22 ਮਈ ( ਸੰਜੀਵ ਜਿੰਦਲ ) : ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਸਰਕਾਰ, ਸਿੱਖਿਆ ਵਿਭਾਗ ਦੇ ਅਫਸਰ ਸਾਹਿਬਾਨ, ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਵਿਦਿਆਰਥੀ ਇਕੱਠੇ ਬੈਠੇ ਹਨ। ਇਸ ਮਿਲਣੀ ਦਾ ਮਕਸਦ ਨੀਹ ਪੱਥਰ ਰੱਖਣਾ ਨਹੀਂ ਸਗੋਂ ਇਕੱਠੇ ਬੈਠ ਕੇ ਵਿਦਿਆਰਥੀਆਂ ਦੇ ਭਵਿੱਖ ਦੀ ਯੋਜਨਾ ਬੰਦੀ ਬਣਾਉਣਾ ਹੈ। ਇਹ ਵਿਚਾਰ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਅੱਜ ਬੁਢਲਾਡਾ ਹਲਕੇ ਵਿਖੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਦੌਰਾਨ ਸਾਂਝੇ ਕੀਤੇ।
ਵਿਧਾਇਕ ਨੇ ਕਿਹਾ ਕਿ ਅੱਜ ਸਰਕਾਰ ਸਿੱਖਿਆ ਅਤੇ ਵਿਦਿਆਰਥੀਆਂ ਦੇ ਵਿਚਕਾਰ ਪੁੱਲ ਦਾ ਕੰਮ ਕਰ ਰਹੀ ਹੈ ਅਤੇ ਇਹ ਪੁਲ ਵਿਦਿਆਰਥੀਆਂ ਦਾ ਸ਼ਾਨਦਾਰ ਭਵਿੱਖ ਸਿਰਜਣ ਵਿੱਚ ਜਰੂਰ ਸਫਲ ਹੋਵੇਗਾ। ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਉਲੀਕ ਕੇ ਸਕੂਲਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੀ ਸਮਾਰਟ ਬਣਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਮਕਸਦ ਇੱਕ ਚੇਤਨਾ ਪੈਦਾ ਕਰਨਾ ਹੈ ਅਤੇ ਇਹ ਚੇਤਨਾ ਸਿੱਖਿਆ ਦੇ ਬਲਬੂਤੇ ਤੇ ਪੰਜਾਬ ਨੂੰ ਹੱਸਦਾ ਵਸਦਾ ਅਤੇ ਰੰਗਲਾ ਬਣਾਉਣ ਵੱਲ ਸ਼ਾਨਦਾਰ ਉਦਮ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਨਾਂ ਤੇ ਵੱਸਦਾ ਪੰਜਾਬ ਸਦਾ ਚੜਦੀ ਕਲਾ ਵਿੱਚ ਰੱਖਣ ਦੇ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਅੱਜ ਹਲਕਾ ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ ਵਿਖੇ ਕਰੀਬ 16 ਲੱਖ 94 ਹਜ਼ਾਰ ਦੀ ਲਾਗਤ ਨਾਲ ਕਲਾਸ ਰੂਮ, ਚਾਰਦੀਵਾਰੀ ਅਤੇ ਹੋਰ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਵਿਖੇ 28 ਲੱਖ 24 ਹਜ਼ਾਰ ਸਾਇੰਸ ਲੈਬ, ਕਲਾਸ ਰੂਮ, ਚਾਰਦੀਵਾਰੀ, ਹੋਰ ਰਿਪੇਅਰ ਅਤੇ ਸਰਕਾਰੀ ਹਾਈ ਸਕੂਲ ਕੁਲਾਣਾ ਵਿਖੇ 15 ਲੱਖ 40 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ, ਖੇਡ ਮੈਦਾਨ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਰਿਪੇਅਰ ਦੇ ਮੁਕੰਮਲ ਹੋਏ ਕਾਰਜਾਂ ਦੇ ਉਦਘਾਟਨ ਕੀਤੇ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ, ਸਕੂਲ ਮੁਖੀ ਰੁਪਿੰਦਰ ਕੌਰ, ਪਰਮਿੰਦਰ ਸਿੰਘ, ਮਨਦੀਪ ਸਿਘ ਸਰਾਂ, ਚੇਅਰਪਰਸਨ ਮਨਦੀਪ ਕੌਰ, ਹਰਜੀਤ ਕੌਰ, ਕਸ਼ਮੀਰਾ ਸਿੰਘ ਤੋਂ ਇਲਾਵਾ ਪਿੰਡਾਂ ਦੇ ਹੋਰ ਮੋਹਤਵਰ ਵਿਅਕਤੀ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।