
ਬਰਨਾਲਾ, 7 ,ਮਈ ( ਕਰਨਪ੍ਰੀਤ ਕਰਨ ) : ਪਹਿਲਗਾਮ ਵਿੱਚ ਨਿਰਦੋਸ਼ ਭਾਰਤੀਆਂ ਦੇ ਕਤਲ ਦਾ ਬਦਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਭਾਜਪਾ ਸਰਕਾਰ ਅਤੇ ਸਾਡੇ ਦੇਸ਼ ਦੀ ਆਰਮੀ ਨੇ ਆਪਰੇਸ਼ਨ ਸਿੰਦੂਰ ਚਲਾ ਕੇ ਲਿਆ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਵਲੋਂ ਪ੍ਰੈਸ ਬਿਆਨ ਵਿੱਚ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਪਹਿਲਗਾਮ ਵਿਖੇ ਬਹੁਤ ਬੁਜਦਿਲੀ ਨਾਲ ਪਾਕਿਸਤਾਨ ਨੇ ਸਾਡੇ ਦੇਸ਼ ਦੇ 26 ਲੋਕਾਂ ਨੂੰ ਮਾਰਿਆ ਸੀ। ਜਿਸਤੋਂ ਬਾਅਦ ਲਗਾਤਾਰ ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੂਰੀ ਭਾਜਪਾ ਸਰਕਾਰ ਵੱਲ ਦੇਖ ਰਿਹਾ ਸੀ ਅਤੇ ਇਸਦੇ ਬਦਲੇ ਦੀ ਆਸ ਵਿੱਚ ਸੀ। ਜਿਸ ਉਪਰ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਖ਼ਰੀ ਉਤਰੀ ਹੈ ਅਤੇ ਆਪਰੇਸ਼ਨ ਸਿੰਦੂਰ ਚਲਾ ਕੇ ਅੱਤਵਾਦੀਆਂ ਦਾ ਉਹਨਾਂ ਦੇ ਮੁਲਕ ਵਿੱਚ ਜਾ ਕੇ ਖ਼ਾਤਮਾ ਕੀਤਾ ਹੈ। ਜਿਸ ਕਰਕੇ ਸਮੁੱਚੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤੇ ਸਾਡੀ ਬਹਾਦਰ ਆਰਮੀ ਉਪਰ ਬਹੁਤ ਮਾਣ ਹੈ।
ਉਹਨਾਂ ਕਿਹਾ ਕਿ ਸਾਡੀ ਆਰਮੀ ਦੁਸ਼ਮਣ ਦੇਸ਼ ਦਾ ਹਰ ਪੱਖ ਤੋਂ ਟਾਕਰਾ ਕਰਨ ਦੇ ਸਮਰੱਥ ਹੈ। ਜੇਕਰ ਪਾਕਿਸਤਾਨ ਅੱਗੇ ਤੋਂ ਹੋਰ ਕਿਸੇ ਕਿਸਮ ਦਾ ਹਮਲਾ ਕਰਦਾ ਹੈ ਤਾਂ ਉਸਦਾ ਡੱਟ ਕੇ ਮੋੜਵਾਂ ਜਵਾਬ ਦੇੇਵੇਗੀ। ਕੇਵਲ ਢਿੱਲੋਂ ਨੇ ਪੁੰਛ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਉਪਰ ਪਾਕਿਸਤਾਨ ਵਲੋਂ ਹਮਲਾ ਕੀਤੇ ਜਾਣ ਦੀ ਘਟਨਾਂ ਨੂੰ ਵੀ ਬਹੁਤ ਮੰਦਭਾਗਾ ਦੱਸਿਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਨਿਰਦੋਸ਼ ਲੋਕਾਂ ਅਤੇ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਾਰਗੇਟ ਕਰਨਾ ਬਹੁਤ ਨਿੰਦਣਯੋਗ ਕਾਰਵਾਈ ਹੈ। ਇਸ ਹਮਲੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਉਹ ਹਮਦਰਦੀ ਜ਼ਾਹਰ ਕਰਦੇ ਹਨ। ਭਾਰਤ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।

