
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ‘ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਦਿਨ-ਦਿਹਾੜੇ ਤਰਨਤਾਰਨ ਦੇ ਝਬਾਲ ਨਜ਼ਦੀਕ ਮੋੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਇਕ ਰੈਡੀਮੈਡ ਕੱਪੜਿਆਂ ਦੇ ਸ਼ੋਅਰੂਮ ‘ਤੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।
ਜਾਣਕਾਰੀ ਮੁਤਾਬਕ ਬਾਬਾ ਬੁੱਢਾ ਸਾਹਿਬ ਮੋੜ ਅੱਡਾ ਠੱਠਾ ਵਿਖੇ ਕੱਪੜਿਆਂ ਦੀ ਰੈਡੀਮੇਡ ਮਾਝਾ ਕਲਾਥ ਹਾਊਸ ਦੀ ਦੁਕਾਨ ਹੈ ਜਿਸਦੇ ਮਾਲਕ ਕਰਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਹਨ। ਸ਼ਾਮ ਲਗਭਗ ਸਾਢੇ 6 ਵਜੇ ਜਦੋਂ ਉਨ੍ਹਾਂ ਦੇ ਮੈਨੇਜਰ ਦਲਜੀਤ ਸਿੰਘ ਅਤੇ ਕਰਿੰਦਾ ਗੁਰਵਿੰਦਰ ਸਿੰਘ ਦੁਕਾਨ ‘ਤੇ ਮੌਜੂਦ ਗਾਹਕਾਂ ਨੂੰ ਕੱਪੜਾ ਦੇ ਰਹੇ ਸਨ ਤਾਂ ਮੋਟਰ ਸਾਈਕਲ ‘ਤੇ 3 ਅਣਪਛਾਤਿਆਂ ਨੇ ਦੁਕਾਨ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਫਈਰਿੰਗ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਦਲਜੀਤ ਸਿੰਘ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਕੇ ਅਸੀਂ ਹੇਠਾਂ ਬੈਠ ਗਏ। ਗੋਲੀਆਂ ਚਲਾਉਣ ਤੋਂ ਬਾਅਦ ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਝਬਾਲ ਅੱਡੇ ਵੱਲ ਦੌੜ ਗਏ, ਜਿਥੇ ਸਾਰਾ ਦਿਨ ਪੁਲਸ ਦਾ ਨਾਕਾ ਹੁੰਦਾ ਹੈ। ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਗੋਲੀਆਂ ਚੱਲਣ ਦੀ ਵਾਰਦਾਤ ਬਾਰੇ ਝਬਾਲ ਪੁਲਸ ਨੂੰ ਦੱਸਣ ਦੇ ਬਾਵਜੂਦ ਪੁਲਸ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ।
ਦਿਨ ਦਿਹਾੜੇ ਹੋਈ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਗੋਲੀਆਂ ਚੱਲਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਥਾਣਾ ਮੁਖੀ ਝਬਾਲ ਆਈਪੀਐੱਸ ਅਸ਼ੋਕ ਮੀਨਾ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਗੋਲੀ ਚਲਾਉਣ ਵਾਲੇ ਵਿਅਕਤੀ ਗ੍ਰਿਫਤਾਰ ਕਰ ਲਏ ਜਾਣਗੇ।