
ਸੰਜੀਵ ਜਿੰਦਲ
ਮਾਨਸਾ, 28 ਮਾਰਚ 2025 : ਖਨੌਰੀ ਅਤੇ ਸ਼ੰਭੂ ਬਾਰਡਰ ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਧਰਨਾ ਚੱਲ ਰਿਹਾ ਸੀ। ਆਪਣੀਆਂ ਫਸਲਾਂ ਤੇ ਐਮਐਸਪੀ ਲਾਗੂ ਕਰਨ ਦੀ ਮੰਗ ਰੱਖੀ ਗਈ ਸੀ ਪਰ ਸਰਕਾਰ ਦੇ ਨਾ ਮੰਨਣ ਤੇ ਉਹਨਾਂ ਨੇ ਦੋਵਾਂ ਬਾਰਡਰਾਂ ਉੱਪਰ ਧਰਨਾ ਲਗਾ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਕਿਸਾਨ ਧਰਨਾ ਚੁੱਕਣ ਲਈ ਪਹਿਲਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਪਰ ਜਦੋਂ ਕੋਈ ਸਮੱਸਿਆ ਹੱਲ ਨਾ ਹੁੰਦੀ ਦਿਖੀ ਤਾਂ ਪੰਜਾਬ ਸਰਕਾਰ ਆਪਣੀ ਪੁਲਿਸ ਭੇਜ ਕੇ ਇਹ ਧਰਨਾ ਚੁਕਵਾਇਆ ਤੇ ਲੋਕਾਂ ਦੇ ਆਉਣ ਜਾਣ ਲਈ ਰਾਹ ਖੋਲ ਦਿੱਤਾ। ਪਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦਾ ਰੋਸ ਹੈ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਉਨਾਂ ਨਾਲ ਧੱਕਾ ਕੀਤਾ ਹੈ।
ਇਸੇ ਰੋਸ ਦੇ ਕਾਰਨ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਗੁਰਜੰਟ ਸਿੰਘ ਨੇ ਦੱਸਿਆ ਕਿ ਕਿਸਾਨ ਹੁਣ ਆਪਣੇ ਆਪ ਨੂੰ ਲੁੱਟਿਆ-ਲੁੱਟਿਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੀ ਫਸਲ ਤੇ MSP ਮੰਗਣ ਦਾ ਅਧਿਕਾਰ ਕਿਸਾਨਾਂ ਕੋਲ ਹੈ ਪਰ ਪੰਜਾਬ ਅਤੇ ਕੇਂਦਰ ਸਰਕਾਰ ਆਪਸ ਵਿੱਚ ਮਿਲ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ।
ਇਸ ਮੌਕੇ ਗੁਰਜੰਟ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ, ਬੱਬੂ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਜੁਗਰਾਜ ਸਿੰਘ, ਰਾਵਲ ਸਿੰਘ, ਦਰਸ਼ਨ ਸਿੰਘ ਪਰਮ ਸਿੰਘ ਆਦਿ ਮੌਜੂਦ ਸਨ।

