ਸੰਜੀਵ ਜਿੰਦਲ
ਮਾਨਸਾ, 27 ਮਾਰਚ 2025 : ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ ’ਤੇ ਸਿੰਗਲ ਵਿੰਡੋ ਕਲੀਅਰੈਂਸ ਤਹਿਤ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਦਰਖ਼ਾਸਤਾਂ ਅਪਲੋਡ ਹੁੰਦੀਆਂ ਹਨ, ਜਿੰਨ•ਾਂ ਦਾ ਸਬੰਧਤ ਵਿਭਾਗਾਂ ਵੱਲੋਂ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕਰਨਾ ਲਾਜ਼ਮੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਸਿੰਗਲ ਵਿੰਡੋ ਸਿਸਟਮ ’ਤੇ ਆਉਣ ਵਾਲੀਆਂ ਦਰਖ਼ਾਸਤਾਂ ਦੀ ਸਮੀਖਿਆ ਕਰਦਿਆਂ ਕੀਤਾ|
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਿਨੈਕਾਰ ਨਾਲ ਰਾਬਤਾ ਕਰਨ ਵਿਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸ ਦੀ ਲੋਕੇਸ਼ਨ ’ਤੇ ਜਾ ਕੇ ਉਨ੍ਹਾਂ ਨਾਲ ਤਾਲਮੇਲ ਕੀਤਾ ਜਾਵੇ ਤਾਂ ਕਿ ਕੋਈ ਵੀ ਦਰਖ਼ਾਸਤ ਲੰਬਿਤ ਨਾ ਰਹੇ| ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਸਤਾਵੇਜ਼ ਦੀ ਘਾਟ ਕਾਰਨ ਕੋਈ ਦਰਖ਼ਾਸਤ ਕਾਰਵਾਈ ਤੋਂ ਅਧੂਰੀ ਰਹਿ ਜਾਂਦੀ ਹੈ ਤਾਂ ਸਬੰਧਤ ਇਨਵੈਸਟਰ ਪਾਸੋਂ ਲੋੜੀਂਦੇ ਇਤਰਾਜ਼ ਦੂਰ ਕਰਵਾ ਕੇ ਅਗਲੇਰੀ ਕਾਰਵਾਈ ਯਕੀਨੀ ਬਣਾਈ ਜਾਵੇ| ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਕਾਰਨ ਕੋਈ ਦਰਖ਼ਾਸਤ ਪੋਰਟਲ ’ਤੇ ਲੋੜੀਂਦੀ ਪ੍ਰਕਿਰਿਆ ਕਰਨ ਤੋਂ ਬਾਅਦ ਵੀ ਪੈਂਡਿੰਗ ਦਿਖਾਈ ਦਿੰਦੀ ਹੈ ਤਾਂ ਇਸ ਸਬੰਧੀ ਤੁਰੰਤ ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਨਿਰਧਾਰਤ ਸਮੇਂ ਅੰਦਰ ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਇਸ ਮੌਕੇ ਜਨਰਲ ਮੈਨੇਜ਼ਰ, ਜ਼ਿਲ੍ਹਾ ਉਦਯੋਗ ਕੇਂਦਰ ਸ੍ਰ. ਸੁਤੰਤਰਜੋਤ ਸਿੰਘ ਤੋਂ ਇਲਾਵਾ ਫੰਕਸ਼ਨਲ ਮੈਨੇਜ਼ਰ ਸ੍ਰ. ਪਰਮਿੰਦਰ ਸਿੰਘ, ਬਲਾਕ ਪ੍ਰਸਾਰ ਅਫ਼ਸਰ ਸ੍ਰੀ ਰਾਹੁਲ ਗਰਗ, ਡਾਇਰੈਕਟਰ ਆਫ ਫੈਕਟਰੀਜ਼ ਤੋਂ ਡਿਪਟੀ ਡਾਇਰੈਕਟਰ ਸ੍ਰੀ ਵਿਸ਼ਾਲ ਸਿੰਗਲਾ, ਕਿਰਤ ਵਿਭਾਗ ਤੋਂ ਹਰਪ੍ਰੀਤ ਕੌਰ, ਨਗਰ ਕੌਂਸਲ ਮਾਨਸਾ ਤੋਂ ਜਸਮੀਨ ਸਿੱਧੂ, ਸਹਿਕਾਰੀ ਸਭਾਵਾਂ ਤੋਂ ਸ੍ਰੀ ਜਗਤਾਰ ਸਿੰਘ ਤੋਂ ਇਲਾਵਾ ਸ੍ਰੀ ਕਮਲਪ੍ਰੀਤ ਸਿੰਘ ਸੀਨੀਅਰ ਸਹਾਇਕ ਹਾਜ਼ਰ ਸਨ।

