
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਦਿੱਲੀ ਦੀ ‘ਆਪ’ ਟੀਮ ਹੁਣ ਪੰਜਾਬ ‘ਚ ਭਾਜਪਾ ਦੇ ਮੰਤਰੀਆਂ ਦਾ ਸਾਹਮਣਾ ਕਰੇਗੀ। ਹੁਣ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਕੈਬਨਿਟ ‘ਚੋਂ ਸਿੱਖ ਚਿਹਰਿਆਂ ਨੂੰ ਪੰਜਾਬ ਦੀ ਧਰਤੀ ‘ਤੇ ਲਿਆਂਦਾ ਜਾ ਰਿਹਾ ਹੈ। ਦਿੱਲੀ ਵਿੱਚ ‘ਆਪ’ ਖ਼ਿਲਾਫ਼ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਭਾਜਪਾ ਨੇ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਪੰਜਾਬ ‘ਚ ‘ਆਪ’ ਦੀ ਦਿੱਲੀ ਟੀਮ ਨੂੰ ਘੇਰਨ ਲਈ ਭਾਜਪਾ ਨੇ ਆਪਣਾ ਮਾਸਟਰ ਸਟ੍ਰੋਕ ਖੇਡਿਆ ਹੈ। ਦਿੱਲੀ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਕੀਤੇ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹੇ ਕੀਤੇ।
ਮੰਤਰੀ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹ ਭਾਜਪਾ-ਅਕਾਲੀ ਦਲ ਦੀ ਸਰਕਾਰ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਓਐਸਡੀ ਰਹਿ ਚੁੱਕੇ ਹਨ। ਅਜਿਹੇ ‘ਚ ਭਾਜਪਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਇਕ ਵੱਡੇ ਸਿੱਖ ਚਿਹਰੇ ਨੂੰ ਮੈਦਾਨ ‘ਚ ਉਤਾਰਿਆ ਹੈ, ਜੋ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀ ਰਾਜਨੀਤੀ ‘ਚ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮਾਨ ਸਰਕਾਰ ਨੂੰ ਲਗਾਤਾਰ ਘੇਰਦੇ ਨਜ਼ਰ ਆ ਰਹੇ ਹਨ। ਇਸ ਕਾਰਨ ਭਾਜਪਾ ਹਾਈਕਮਾਂਡ ਨੇ ਆਪਣੇ ਮੰਤਰੀਆਂ ਅਤੇ ਵੱਡੇ ਸਿੱਖ ਚਿਹਰਿਆਂ ਰਾਹੀਂ ਪੰਜਾਬ ਦੀ ਸਿਆਸਤ ਨੂੰ ਗਰਮਾਉਣਾ ਸ਼ੁਰੂ ਕਰ ਦਿੱਤਾ ਹੈ।
‘ਆਪ’ ਦਾ ਦਿੱਲੀ ਦੌਰਾ ਵਧਿਆ, ਸਰਕਾਰ ਨੇ ਲਏ ਸਖ਼ਤ ਫੈਸਲੇ
ਦਿੱਲੀ ਦੀ ‘ਆਪ’ ਟੀਮ ਦੇ ਵੱਡੇ ਲੀਡਰ ਹੁਣ ਪੰਜਾਬ ਦੀ ਧਰਤੀ ‘ਤੇ ਨਜ਼ਰ ਆ ਰਹੇ ਹਨ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣਾ ਦੌਰਾ ਵਧਾ ਦਿੱਤਾ ਹੈ। ਮਾਣਯੋਗ ਪੰਜਾਬ ਸਰਕਾਰ ਨੇ ਵੀ ਆਪਣਾ ਰਵੱਈਆ ਬਦਲ ਲਿਆ ਹੈ, ਜਿੱਥੇ ਭ੍ਰਿਸ਼ਟਾਚਾਰ ਅਤੇ ਅਣਗਹਿਲੀ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਵੱਡੀਆਂ ਪ੍ਰਸ਼ਾਸਨਿਕ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ‘ਆਪ’ ਦੀ ਦਿੱਲੀ ਟੀਮ ਦੇ ਸੀਨੀਅਰ ਆਗੂ ਸਿਸੋਦੀਆ ਨੇ ਹਾਲ ਹੀ ‘ਚ ਪੰਜਾਬ ਦੇ ਜ਼ੀਰਕਪੁਰ ‘ਚ ਸਕੂਲਾਂ ਦੀ ਹਾਲਤ ਦਾ ਜਾਇਜ਼ਾ ਲਿਆ ਸੀ ਅਤੇ ਉਹ ਗੁਰਦਾਸਪੁਰ ਦੇ ਦੌਰੇ ‘ਤੇ ਗਏ ਸਨ। ਸ਼ਨੀਵਾਰ ਨੂੰ ਜਦੋਂ ਭਾਜਪਾ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅੰਮ੍ਰਿਤਸਰ ਵਿੱਚ ਸਨ ਤਾਂ ਸਿਸੋਦੀਆ ਨੇ ਵੀ ਮੁੜ ਪੰਜਾਬ ਵਿੱਚ ਪੈਰ ਧਰਿਆ। ਸੂਤਰਾਂ ਮੁਤਾਬਕ ਸਿਸੋਦੀਆ ਆਉਣ ਵਾਲੇ ਦਿਨਾਂ ‘ਚ ਕਈ ਅਹਿਮ ਵਿਭਾਗਾਂ ਦੇ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਬਿਜਲੀ, ਸਿੱਖਿਆ ਅਤੇ ਹੋਰ ਕਈ ਵਿਭਾਗਾਂ ਦੇ ਮੌਜੂਦਾ ਕੰਮਕਾਜ ਦਾ ਮੁਲਾਂਕਣ ਕਰਨਗੇ। ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਪੂਰਥਲਾ ਹਾਊਸ ‘ਚ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਤੇ ਵਿਧਾਇਕਾਂ ਨਾਲ ਹੋਈ ਮੀਟਿੰਗ ‘ਚ ਦਿੱਲੀ ਦੀ ‘ਆਪ’ ਟੀਮ ਦੇ ਤਜ਼ਰਬੇ ਨੂੰ ਪੰਜਾਬ ‘ਚ ਵਰਤਣ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।