ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ ਵਿੱਚ 11 ਹਜ਼ਾਰ ਵੋਲਟ ਦੀ ਹਾਈ ਟੈਨਸ਼ਨ ਤਾਰਾਂ ਦੇ ਲਪੇਟ ਵਿੱਚ ਆਉਣ ਨਾਲ ਇੱਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚਾ ਕਰੀਬ ਅੱਧੇ ਘੰਟੇ ਤੱਕ ਤਾਰਾਂ ਅਤੇ ਦਰੱਖਤ ਦੀਆਂ ਟਾਹਣੀਆਂ ‘ਤੇ ਝੂਲਦਾ ਰਿਹਾ, ਜਦੋਂ ਰਾਹਗੀਰਾਂ ਨੇ ਬੱਚੇ ਨੂੰ ਝੂਲਦੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਦੀ ਸੂਚਨਾ ‘ਤੇ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾ ਬਿਜਲੀ ਬੰਦ ਕਰ ਦਿੱਤੀ ਅਤੇ ਬੱਚੇ ਨੂੰ ਹੇਠਾਂ ਲਿਆਂਦਾ। ਉਹ ਉਸ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਏ, ਜਿਨ੍ਹਾਂ ਨੇ ਉਸ ਨੂੰ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੇ ਦਾ ਨਾਂ ਸ਼ਿਵਮ ਹੈ।
ਅਚਾਨਕ ਹੱਥ ਹਾਈ ਟੈਨਸ਼ਨ ਤਾਰਾਂ ਨਾਲ ਛੂਹ ਗਿਆ
ਜਾਣਕਾਰੀ ਦਿੰਦੇ ਹੋਏ ਸ਼ਿਵਮ ਦੇ ਪਿਤਾ ਰਾਜੇਸ਼ ਨੇ ਦੱਸਿਆ ਕਿ ਸ਼ਿਵਮ ਖੇਡਣ ਲਈ ਘਰੋਂ ਗਿਆ ਸੀ। ਉਹ ਗਲੀ ਵਿਚ ਇਕ ਘਰ ਦੀ ਛੱਤ ‘ਤੇ ਚੜ੍ਹ ਗਿਆ ਅਤੇ ਦਰੱਖ਼ਤ ਤੋ ਜਾਮਣਾਂ ਤੋੜਨ ਲੱਗਾ। ਸ਼ਿਵਮ ਦੇ ਦੋ ਭੈਣ-ਭਰਾ ਹਨ ਜੋ ਉਸ ਤੋਂ ਛੋਟੇ ਹਨ। ਜਾਮਣਾਂ ਤੋੜਦੇ ਸਮੇਂ ਅਚਾਨਕ ਉਸ ਦਾ ਹੱਥ ਹਾਈ ਟੈਨਸ਼ਨ ਤਾਰਾਂ ਨਾਲ ਛੂ ਗਿਆ। ਕਰੰਟ ਇੰਨਾ ਤੇਜ਼ ਸੀ ਕਿ ਸ਼ਿਵਮ ਆਪਣੇ ਆਪ ਨੂੰ ਤਾਰਾਂ ਤੋਂ ਛੁਡਾ ਹੀ ਨਹੀਂ ਸਕਿਆ।
ਬਿਜਲੀ ਸਪਲਾਈ ਬੰਦ ਕਰ ਕੇ ਸ਼ਿਵਮ ਨੂੰ ਹੇਠਾਂ ਉਤਾਰਿਆ
ਸੜਕ ‘ਤੇ ਜਾ ਰਹੇ ਕਿਸੇ ਰਾਹਗੀਰ ਨੇ ਦਰੱਖਤ ‘ਤੇ ਦੇਖਿਆ ਅਤੇ ਬੱਚੇ ਨੂੰ ਲਟਕਦੇ ਦੇਖ ਕੇ ਤੁਰੰਤ ਰੌਲਾ ਪਾਇਆ। ਲੋਕਾਂ ਨੇ ਬੱਚੇ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਪਾਵਰਕਾਮ ਵਿਭਾਗ ਨੇ ਬਿਜਲੀ ਸਪਲਾਈ ਬੰਦ ਕਰ ਕੇ ਸ਼ਿਵਮ ਨੂੰ ਹੇਠਾਂ ਉਤਾਰਿਆ। ਉਸ ਸਮੇਂ ਬੱਚੇ ਦੇ ਸਾਹ ਚੱਲ ਰਹੇ ਸਨ।
ਉਸ ਨੂੰ ਨਜ਼ਦੀਕੀ ਡਾਕਟਰ ਕੋਲ ਲੈ ਕੇ ਗਏ ਪਰ ਉਸ ਨੇ ਉਸ ਨੂੰ ਵੱਡੇ ਹਸਪਤਾਲ ਭੇਜ ਦਿੱਤਾ ਜਿੱਥੇ ਸ਼ਿਵਮ ਦੀ ਮੌਤ ਹੋ ਗਈ।ਪੁਲਸ ਚੌਕੀ ਮੁੰਡੀਆਂ ਦੇ ਏਐਸਆਈ ਜਤਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਮਨ ਕਲੋਨੀ ਵਿੱਚ ਇੱਕ ਬੱਚਾ ਜਾਮਣਾਂ ਤੋੜਨ ਲਈ ਦਰੱਖਤ ’ਤੇ ਚੜ੍ਹਿਆ ਅਤੇ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਿਆ, ਜਿਥੇ ਉਸਦੀ ਹਸਪਤਾਲ ‘ਚ ਮੌਤ ਹੋ ਗਈ।ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।