ਬਿਊਰੋ, ਪ੍ਰਾਈਮ ਪੋਸਟ ਪੰਜਾਬ
ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਉਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸਫੈਦੇ ਦਾ ਟਾਹਣਾ ਡਿੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ। ਘਟਨਾ ਸਥਾਨ ਉਪਰ ਪੁੱਜੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਨੋਂ ਹੀ ਭਰਾ ਆਪਣੀ ਭੈਣ ਦੇ ਭੋਗ ਉਤੇ ਕਾਦੀਆਂ ਦੇ ਨੇੜੇ ਪਿੰਡ ਖਾਰੇ ਜਾ ਰਹੇ ਸਨ ਪਰ ਰਸਤੇ ਵਿੱਚ ਉਨ੍ਹਾਂ ਦੇ ਨਾਲ ਇਹ ਭਾਣਾ ਵਾਪਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸਦਾ ਪਿਤਾ ਬਲਕਾਰ ਸਿੰਘ ਅਤੇ ਉਸਦਾ ਚਾਚਾ ਗੁਰਮੇਜ਼ ਸਿੰਘ ਪਿੰਡ ਸ਼ਹੁਰ ਕਲਾਂ ਦੇ ਰਹਿਣ ਵਾਲੇ ਹਨ ਅਤੇ ਕਾਦੀਆਂ ਦੇ ਪਿੰਡ ਖਾਰੇ ਵਿੱਚ ਆਪਣੀ ਭੈਣ ਦੇ ਭੋਗ ਉਤੇ ਜਾ ਰਹੇ ਸਨ।
ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਦੋਵੇਂ ਭਰਾਵਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਉੱਪਰ ਇੱਕ ਸਫੈਦੇ ਦੇ ਦਰੱਖਤ ਦਾ ਟਹਿਣਾ ਟੁੱਟ ਕੇ ਡਿੱਗ ਗਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਵਾਹਨ ਨੇ ਸਾਈਡ ਮਾਰੀ ਹੈ ਜਿਸ ਕਰਕੇ ਦੋਨਾ ਭਰਾਵਾਂ ਦੀ ਮੌਤ ਹੋਈ ਹੈ।
ਇਸ ਲਈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ। ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਫੈਦੇ ਦੇ ਦਰੱਖਤ ਦਾ ਟਹਿਣਾ ਟੁੱਟਣ ਕਰਕੇ ਹੋਇਆ ਹੈ ਜਿਸ ਵਿੱਚ ਦੋਨੋਂ ਸਕੇ ਭਰਾਵਾਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।