ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਹਰ ਰੋਜ਼ ਸੋਹਲੇ ਅਲਾਪ ਰਹੀ ਹੈ ਪਰ ਹਕੀਕਤ ਤਾਂ ਇਹ ਹੈ ਕਿ ਹਰ ਰੋਜ਼ ਪੰਜਾਬ ਵਿੱਚ ਨਸ਼ੇ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅਜਿਹੀ ਇਹ ਇੱਕ ਦੁਖਦਾਇਕ ਖਬਰ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਨੌ ਆਬਾਦ ਤੋਂ ਮਿਲੀ ਹੈ ਜਿੱਥੇ ਨਸ਼ੇ ਕਾਰਨ ਇੱਕ ਹਫਤੇ ਵਿੱਚ ਦੂਜੇ ਨੌਜਵਾਨ ਦੀ ਮੌਤ ਹੋਈ ਹੈ। ਪਿੰਡ ਫਤਿਹਗੜ੍ਹ ਨੌ ਆਬਾਦ ਦਾ ਰਹਿਣ ਵਾਲਾ 21 ਸਾਲਾ ਸੁਖਪ੍ਰੀਤ ਸਿੰਘ ਚਾਰ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਨੌਜਵਾਨ ਦੀ ਮੌਤ ਨਾਲ ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਦੀ ਮੌਤ ਪਹਿਲਾਂ ਹੋ ਚੁੱਕੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਅਸੀਂ ਸੁਖਪ੍ਰੀਤ ਸਿੰਘ ਨੂੰ ਬੜੀ ਹੀ ਸੁੱਖਾਂ-ਸੁੱਖ ਕੇ ਲਿਆ ਅਤੇ ਪਾਲਿਆ ਸੀ, ਜੋ ਕਿ ਨਸ਼ਿਆਂ ਦੀ ਦਲਦਲ ਵਿੱਚ ਐਸਾ ਫਸਿਆ ਕਿ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਹੀ ਨਸ਼ਾ ਵਿਕਦਾ ਹੈ, ਜਿਸ ਨੇ ਉਨ੍ਹਾਂ ਦਾ ਘਰ ਬਰਬਾਦ ਕਰ ਦਿੱਤਾ ਹੈ। ਵਿਧਵਾ ਮਾਂ ਚਰਨਜੀਤ ਕੌਰ ਨੇ ਕਿਹਾ ਕਿ ਕਿੱਥੇ ਤਾਂ ਹੁਣ ਇਸ ਉਮਰ ਵਿੱਚ ਸੁਖਪ੍ਰੀਤ ਸਿੰਘ ਨੇ ਉਸ ਦਾ ਸਹਾਰਾ ਬਣਨਾ ਸੀ ਅਤੇ ਪਰਿਵਾਰ ਦਾ ਗੁਜਾਰਾ ਚਲਾਉਣਾ ਸੀ ਪਰ ਨਸ਼ੇ ਕਾਰਨ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਨਸ਼ੇ ਦੀ ਭੇਂਟ ਚੜ੍ਹੇ ਨੌਜਵਾਨ ਸੁਖਪ੍ਰੀਤ ਸਿੰਘ ਦੇ ਪਿਤਾ ਸਤਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਉਹ ਆਪਣੀ ਵਿਧਵਾ ਮਾਂ ਅਤੇ 3 ਹੋਰ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ।
ਉਧਰ, ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਕੋਈ ਵੀ ਧਿਆਨ ਵਿੱਚ ਨਹੀਂ ਆਇਆ। ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਕਤ ਨੌਜਵਾਨ ਦੀ ਮੌਤ ਸਾਹ ਰੁਕਣ ਕਾਰਨ ਹੋਈ ਹੈ।