ਮੋਗਾ-ਵਰਦੀਧਾਰੀ ਬਦਮਾਸ਼ਾਂ ਨੇ ਪਹਿਲਾਂ ਮੋਟਰਸਾਈਕਲ ਨੂੰ ਕਾਰ ਨਾਲ ਟੱਕਰ ਮਾਰੀ ਤੇ ਫਿਰ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਰਨੇ ਨਾਲ ਗਲਾ ਘੁੱਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਦੋਸ਼ ਉਕਤ ਨੌਜਵਾਨ ਦੇ ਸਾਥੀ ਨੇ ਪੁਲਿਸ ਮੁਲਾਜ਼ਮਾਂ ਉਤੇ ਲਾਏ ਹਨ। ਮ੍ਰਿਤਕ ਨੌਜਵਾਨ ਫਤਹਿਗੜ੍ਹ ਪੰਜਤੂਰ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉਤੇ ਪਹੁੰਚੇ।
ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਫਤਹਿਗੜ੍ਹ ਪੰਜਤੂਰ ਨੇ ਦੱਸਿਆ ਕਿ ਉਹ ਤੇ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਘਰੇਲੂ ਕੰਮ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਖੰਨਾ ਰਾਹੀਂ ਆਪਣੀ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ। ਸਤਲੁਜ ਦਰਿਆ ‘ਤੇ ਬੇੜੀ ਨਾ ਮਿਲਣ ਕਾਰਨ ਉਹ ਵਾਪਸ ਆ ਰਹੇ ਸਨ ਕਿ ਲਲਿਹਾਂਦੀ ਦਾਣਾ ਮੰਡੀ ਜ਼ਿਲ੍ਹਾ ਮੋਗਾ ਕੋਲ, ਸਾਹਮਣੇ ਆ ਰਹੀ ਸਵਿਫਟ ਵੀਡੀਆਈ ਕਾਰ, ਜਿਸ ਵਿੱਚ ਪੰਜਾਬ ਮੁਲਾਜ਼ਮ ਸਵਾਰ ਸਨ, ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਉਨ੍ਹਾਂ ਨੇ ਕਾਰ ਤੋਂ ਉਤਰਦਿਆਂ ਹੀ ਉਨ੍ਹਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ, ਜਦਕਿ ਉਨ੍ਹਾਂ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਇਸ ਦੌਰਾਨ ਮੁਲਾਜ਼ਮ ਪ੍ਰਤਾਪ ਸਿੰਘ ਨੇ ਵਿਜੇ ਕੁਮਾਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਨੇ ਵਿਜੇ ਦੇ ਮੂੰਹ ਉੱਤੇ ਸੱਟਾਂ ਮਾਰੀਆਂ ਅਤੇ ਉਸ ਦੇ ਗਲ਼ ਵਿੱਚ ਪਾਏ ਪਰਨੇ ਨਾਲ ਗਲ਼ਾ ਘੁੱਟਿਆ। ਗੁਰਪ੍ਰੀਤ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਵਿਜੇ ਜ਼ਮੀਨ ‘ਤੇ ਡਿੱਗ ਪਿਆ ਅਤੇ ਉਸ ਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਇਸ ਦੌਰਾਨ ਵਿਜੇ ਦੀ ਮੌਤ ਹੋ ਗਈ। ਇਹ ਦੇਖ ਕੇ ਮੁਲਾਜ਼ਮ ਉਥੋਂ ਭੱਜ ਗਏ।
ਗੁਰਪ੍ਰੀਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਰਾਹੀਂ ਘਟਨਾ ਬਾਰੇ ਦੱਸਿਆ। ਪਰਿਵਾਰ ਵਾਲਿਆਂ ਨੇ ਵਿਜੇ ਕੁਮਾਰ ਦੀ ਲਾਸ਼ ਨੂੰ ਥਾਣੇ ਦੇ ਸਾਹਮਣੇ ਰੱਖ ਕੇ ਇਨਸਾਫ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਡੀ.ਐੱਸ.ਪੀ. ਜ਼ੀਰਾ ਅਤੇ ਡੀ.ਐੱਸ.ਪੀ. ਧਰਮਕੋਟ ਮੌਕੇ ‘ਤੇ ਪਹੁੰਚੇ। ਮ੍ਰਿਤਕ ਵਿਜੇ ਕੁਮਾਰ ਦਾ ਪਰਿਵਾਰ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।