ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੱਜ ਸਵੇਰੇ ਤੜਕੇ ਸਾਢੇ ਪੰਜ ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਹਲਿਆਂ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਇੱਕ ਟੂਰਿਸਟ ਬੱਸ ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਟਕਰਾ ਗਈ ਜਿਸ ਵਿੱਚ ਦਰਜਨਾ ਯਾਤਰੀ ਜਖਮੀ ਹੋ ਗਏ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਬੂਲੈਂਸ ਰਾਹੀਂ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 8 ਮਈ ਨੂੰ ਇਕ ਮਹੀਨੇ ਲਈ ਇੰਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ 60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬਸ ਯਾਤਰਾ ਚੱਲ ਰਹੀ ਸੀ ਕਿ ਜਦੋਂ ਯਾਤਰੀ ਰਾਤੀ ਹਰਿਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ। ਸਮਰਾਲਾ ਦੇ ਨੜੇਲੇ ਪਿੰਡ ਰੋਹਲੀਆਂ ਦੇ ਕੋਲ ਸਵੇਰੇ 5.30ਵਜੇ ਸੜਕ ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਇੱਕ ਪਾਸੇ ਦੇ ਪਰਖੱਚੇ ਉੱਡ ਗਏ ਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ। ਹਰ ਕੋਈ ਜਾਨ ਬਚਾਓ ਦੀਆਂ ਚੀਕਾਂ ਮਾਰਨ ਲੱਗ ਗਿਆ।
ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਇਸ ਦੌਰਾਨ ਦੋ ਯਾਤਰੀਆਂ ਦੀ ਮੌਤ ਹੋ ਗਈ ਜੋ ਕਿ ਔਰਤਾਂ ਹਨ ਅਤੇ ਦਰਜਨਾਂ ਯਾਤਰੀ ਜਖਮੀ ਹੋ ਗਏ। ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਰਾਹਤ ਕਾਰਜ ਵਿੱਚ ਜੁੱਟ ਗਈ। ਜਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਮੁਢਲੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ ਹੈ।

