ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸਿਵਲ ਹਸਪਤਾਲ ਤਰਨਤਾਰਨ ਦੇ SMO ਡਾ.ਕੰਵਲਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਵਿੱਚ ਐਸਐਮਓ ਦਫ਼ਤਰ ਵਿੱਚ ਛਾਪਾ ਮਾਰ ਕੇ ਰਿਸ਼ਵਤ ਵਜੋਂ ਲਈ ਗਈ 50 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ।
ਐਸਐਮਓ ਡਾ: ਕੰਵਲਜੀਤ ਸਿੰਘ ਨੇ ਸਾਲ 2024 ਦਾ ਠੇਕਾ ਵਧਾਉਣ ਦੇ ਬਦਲੇ ਸਿਵਲ ਹਸਪਤਾਲ ਵਿੱਚ ਖੋਲ੍ਹੀ ਮਾਝਾ ਕੰਟੀਨ ਦੇ ਠੇਕੇਦਾਰ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਠੇਕੇਦਾਰ ਨੇ ਕਈ ਵਾਰ ਐਸਐਮਓ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਉਹ ਇੰਨੀ ਵੱਡੀ ਰਕਮ ਅਦਾ ਨਹੀਂ ਕਰ ਸਕਦਾ ਪਰ ਐਸਐਮਓ ਨੇ ਠੇਕੇਦਾਰ ਨੂੰ ਵਾਰ-ਵਾਰ ਨੋਟਿਸ ਭੇਜ ਕੇ ਪ੍ਰੇਸ਼ਾਨ ਕੀਤਾ।
ਵਿਜੀਲੈਂਸ ਬਿਊਰੋ ਦੀ ਟੀਮ ਨੇ ਐਸ.ਐਮ.ਓ ਡਾ.ਕੰਵਲਜੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਉਸ ਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।