ਸੁਰਿੰਦਰ ਮਾਵੀ ( Prime Post Punjab)
ਵਿਨੀਪੈਗ-: ਅਮਰੀਕਾ ਤੋਂ ਆ ਰਹੇ ਟਰੱਕ ਵਿਚੋਂ 50 ਮਿਲੀਅਨ ਡਾਲਰ ਮੁੱਲ ਦਾ ਨਸ਼ਾ ਬਰਾਮਦ ਕਰਦਿਆਂ ਆਰ.ਸੀ.ਐਮ.ਪੀ. ਨੇ 29 ਸਾਲ ਦੇ ਕੋਮਲਪ੍ਰੀਤ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਮੈਨੀਟੋਬਾ ਦੇ ਬੌਇਸੇਵੇਨ ਐਂਟਰੀ ਪੋਰਟ ਰਾਹੀਂ ਟਰੱਕ ਕੈਨੇਡਾ ਵਿਚ ਦਾਖਲ ਹੋਇਆ ਅਤੇ ਸ਼ੱਕ ਹੋਣ ’ਤੇ ਇਸ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ 402 ਕਿੱਲੋ ਮੇਥਮਫੈਟਾਮਿਨ ਬਰਾਮਦ ਕੀਤੀ ਗਈ। ਵਿਨੀਪੈਗ ਵਿਖੇ ਮੈਨੀਟੋਬਾ ਆਰ.ਸੀ.ਐਮ.ਪੀ. ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਇੰਸਪੈਕਟਰ ਜੋਅ ਟੈਲਸ ਨੇ ਦੱਸਿਆ ਕਿ ਨਸ਼ੇ ਦੀ ਬਰਾਮਦਗੀ ਮੌਕੇ ਟਰੱਕ ਡਰਾਈਵਰ ਇਕੱਲਾ ਸੀ ਜਿਸ ਵਿਰੁੱਧ ਮੇਥਮਫੈਟਾਮਿਨ ਇੰਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀ ਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਤੋਂ ਆਏ ਟਰੱਕ ਵਿਚੋਂ ਬਰਾਮਦ ਚਾਰ ਕੁਇੰਟਲ ਨਸ਼ੇ ਨੂੰ ਸਿਰਫ਼ ਮੈਨੀਟੋਬਾ ਹੀ ਨਹੀਂ ਸਗੋਂ ਪੱਛਮੀ ਕੈਨੇਡਾ ਅਤੇ ਓਨਟਾਰੀਓ ਵਿਚ ਵੇਚਿਆ ਜਾਣਾ ਸੀ। ਨਸ਼ਾ ਤਸਕਰੀ ਲਈ ਵਰਤਿਆ ਗਿਆ ਟਰੱਕ ਮੈਨੀਟੋਬਾ ਦੀ ਇਕ ਕਮਰਸ਼ੀਅਲ ਟ੍ਰਕਿੰਗ ਕੰਪਨੀ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਸੰਭਾਵਿਤ ਤੌਰ ’ਤੇ ਕੋਮਲਪ੍ਰੀਤ ਸਿੱਧੂ ਨੌਕਰੀ ਕਰਦਾ ਸੀ ਪਰ ਇਸ ਤੱਥ ਦੀ ਤਸਦੀਕ ਕੀਤੀ ਜਾਣੀ ਹਾਲੇ ਬਾਕੀ ਹੈ।
ਟੈਲਸ ਨੇ ਆਖਿਆ ਕਿ ਨਸ਼ਿਆਂ ਦੀ ਖੇਪ ਦਾ ਆਕਾਰ ਦਰਸਾਉਂਦਾ ਹੈ ਕਿ ਪੇਸ਼ੇਵਾਰ ਅਪਰਾਧੀਆਂ ਵੱਲੋਂ ਕੌਮਾਂਤਰੀ ਪੱਧਰ ’ਤੇ ਕਿੰਨਾ ਵੱਡਾ ਨੈੱਟਵਰਕ ਕਾਇਮ ਕੀਤਾ ਹੋਇਆ ਹੈ। ਨਸ਼ਿਆਂ ਨਾਲ ਭਰੇ ਟਰੱਕ ਵੱਲੋਂ ਤੈਅ ਸਫ਼ਰ ਦੀ ਡੂੰਘਾਈ ਨਾਲ ਘੋਖ ਕੀਤੀ ਜਾ ਰਹੀ ਹੈ ਜਿਸ ਰਾਹੀਂ ਪਤਾ ਲੱਗ ਸਕੇਗਾ ਕਿ ਇਹ ਅਮਰੀਕਾ ਦੇ ਕਿਹੜੇ ਕਿਹੜੇ ਸੂਬੇ ਵਿਚੋਂ ਲੰਘਿਆ ਅਤੇ ਨਸ਼ਿਆਂ ਦੀ ਖੇਪ ਕਿੱਥੇ ਲੱਦੀ ਗਈ।
ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਕੈਨ ਮੈਕਗ੍ਰੈਗਰ ਨੇ ਦੱਸਿਆ ਕਿ ਮੇਥਮਫੈਟਾਮਿਨ 200 ਲਿਫ਼ਾਫ਼ਿਆਂ ਵਿਚ ਪੈਕ ਕੀਤੀ ਹੋਈ ਸੀ ਅਤੇ 14 ਫਰਵਰੀ ਦੀ ਰਾਤ ਤਕਰੀਬਨ 10 ਵਜੇ ਸਰਹੱਦੀ ਲਾਂਘੇ ’ਤੇ ਪੁੱਜੇ ਟਰੱਕ ਦੀ ਮੁਢਲੀ ਪੜਤਾਲ ਮਗਰੋਂ ਬਾਰੀਕੀ ਨਾਲ ਤਲਾਸ਼ੀ ਲੈਣ ਦਾ ਫ਼ੈਸਲਾ ਲਿਆ ਗਿਆ। ਤਲਾਸ਼ੀ ਦੌਰਾਨ ਸ਼ੱਕੀ ਪਦਾਰਥ ਮਿਲਿਆ ਜਿਸ ਨੂੰ ਟੈੱਸਟ ਕਰਵਾਉਣ ਲਈ ਲੈਬਾਰਟਰੀ ਭੇਜਿਆ ਗਿਆ ਅਤੇ ਬਾਅਦ ਵਿਚ ਇਸ ਦੇ ਮੇਥਮਫੈਟਾਮਿਨ ਹੋਣ ਬਾਰੇ ਤਸਦੀਕ ਹੋ ਗਈ।
ਸਿੱਧੂ ਦਾ ਵਕੀਲ ਦਾ ਦਾਅਵਾ ਇਹ ਹੈ ਕਿ ਉਹ ਇੱਕ ਡਰਾਈਵਰ ਹੈ ਕਿਉਂਕਿ ਨਸ਼ੀਲੇ ਪਦਾਰਥ ਉਸ ਦੀ ਜਾਣਕਾਰੀ ਤੋਂ ਬਿਨਾਂ ਲੋਡ ਕੀਤੇ ਗਏ ਸਨ ਤਾਂ ਜੋ ਉਹ ਸਰਹੱਦ ‘ਤੇ ਘਬਰਾ ਨਾ ਜਾਵੇ। ਵਿਨੀਪੈਗ ਸਥਿਤ ਲਾਅ ਫ਼ਰਮ ਪਿੰਕਸ ਐਂਡ ਕੰਪਨੀ ਦੇ ਬਚਾਅ ਪੱਖ ਦੇ ਵਕੀਲ ਕੇਟ ਸਮਿਥ ਨੇ ਕਿਹਾ ਕਿ ਅਸੀਂ ਇਸ ਧਾਰਨਾ ਦੇ ਆਧਾਰ ‘ਤੇ ਕੇਸ ਲੜ ਰਿਹੇ ਹਾਂ ਕਿ ਇਹ ਲੋਡ ਡਰਾਈਵਰ ਦੀ ਜਾਣਕਾਰੀ ਤੋਂ ਬਿਨਾਂ ਲੋਡ ਕੀਤਾ ਗਿਆ ਸੀ ।ਸਿੱਧੂ 2015 ਤੋਂ ਬਿਨਾਂ ਕਿਸੇ ਘਟਨਾ ਦੇ ਪੇਸ਼ੇਵਾਰ ਟਰੱਕ ਡਰਾਈਵਰ ਹੈ। ਸਮਿਥ ਨੇ ਕਿਹਾ ਕਿ ਸਿੱਧੂ ਦਾ ਇਸ ਗੱਲ ਦਾ ਪਤਾ ਨਹੀਂ ਸੀ ਕਿ ਕੰਪਨੀ ਉਨ੍ਹਾਂ ਨੂੰ ਕਿਹੜੇ ਲੋਡ ‘ਤੇ ਭੇਜਦੀ ਹੈ।