ਬਿਊਰੋ, ਪ੍ਰਾਈਮ ਪੋਸਟ ਪੰਜਾਬ
ਜੈਤੋ : ਪਿੰਡ ਬਾਜਾਖਾਨਾ ਤੋਂ ਬਠਿੰਡਾ ਵੱਲ ਨੈਸ਼ਨਲ ਹਾਈ ਵੇਅ-54 ’ਤੇ ਦੇਰ ਸ਼ਾਮ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰੌਂਤਾ ਰਜਬਾਹਾ ਦੇ ਪੁਲ ਕਰੀਬ ਵਾਪਰਿਆ। ਇਥੇ ਇਕ ਸਵਿਫ਼ਟ ਡਿਜ਼ਾਇਰ ਕਾਰ ( PB 03-BB 0731) ਆਪਣੀ ਸਾਈਡ ਖੱਬੇ ਹੱਥ ਸੜਕ ਕੰਢੇ ਇਕ ਟਾਹਲੀ ਦੇ ਦਰਖ਼ਤ ਨਾਲ ਟਕਰਾ ਗਈ। ਕਾਰ ਬਠਿੰਡਾ ਤਰਫ਼ੋਂ ਬਾਜਾਖਾਨਾ ਵੱਲ ਜਾ ਰਹੀ ਸੀ। ਹਾਦਸਾ ਐਨਾ ਭਿਆਨਕ ਸੀ ਕਿ ਕਾਰ ਵਿਚ ਸਵਾਰ ਪੰਜੇ ਵਿਅਕਤੀ ਮੌਕੇ ’ਤੇ ਹੀ ਦਮ ਤੋੜ ਗਏ। ਮ੍ਰਿਤਕਾਂ ’ਚੋਂ ਇਕ ਦੀ ਸ਼ਨਾਖ਼ਤ ਕੋਠੇ ਰਾਮਸਰ ਵਾਲੇ (ਕੋਟਲੀ-ਅਬਲੂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ। ਮਰਨ ਵਾਲਿਆਂ ਵਿੱਚ ਇਕ ਹੋਰ ਅਮਨਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਬਾਹੋ ਯਾਤਰੀ (ਜ਼ਿਲ੍ਹਾ ਬਠਿੰਡਾ), ਗੁਰ ਨਾਨਕ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਰਾਇ ਕੇ ਕਲਾਂ (ਜ਼ਿਲ੍ਹਾ ਬਠਿੰਡਾ) ਤੋਂ ਇਲਾਵਾ ਫ਼ੌਤ ਹੋਏ ਵਿਅਕਤੀਆਂ ’ਚੋਂ ਇਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਅਤੇ ਦੂਜਾ ਝੁੰਬਾ ਦਾ ਰਹਿਣ ਦੱਸਿਆ ਜਾ ਰਿਹਾ ਹੈ।
ਡੀਐੱਸਪੀ ਜੈਤੋ ਸੁਖਜੀਤ ਸਿੰਘ ਸਮੇਤ ਐੱਸਐੱਚਓ ਬਾਜਾਖਾਨਾ ਮੌਕੇ ’ਤੇ ਪੁੱਜੇ ਜਾਇਜ਼ਾ ਲਿਆ। ਹਾਦਸੇ ਦੇ ਤੁਰੰਤ ਬਾਅਦ ਜੈਤੋ ਤੋਂ ਸਮਾਜ ਸੇਵੀ ਸੰਗਠਨਾਂ ਦੇ ਕਾਰਕੁੰਨ ਐਂਬੂਲੈਂਸਾਂ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਰਾਹਤ ਕਾਰਜਾਂ ਵਿਚ ਜੁੱਟ ਗਏ ਹਨ।

