ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸੰਗਰੂਰ : ਸੰਗਰੂਰ ਦੇ ਘਾਬਦਾ ਸਥਿਤ ਮੈਰੀਟੋਰੀਅਸ ਸਕੂਲ ਵਿੱਚ ਖ਼ਰਾਬ ਭੋਜਨ ਖਾਣ ਨਾਲ ਕਈ ਬੱਚੇ ਬਿਮਾਰ ਪੈ ਗਏ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ਨੂੰ ਸਹੀ ਭੋਜਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਬਾਕੀ ਰਹਿੰਦੇ 40 ਦੇ ਕਰੀਬ ਬਿਮਾਰ ਬੱਚਿਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਐਸ.ਐਮ ਕਿਰਪਾਲ ਸਿੰਘ ਨੇ ਦੱਸਿਆ ਕਿ ਨੇੜਲੇ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੂੰ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਆਈ ਹੈ, ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ 40 ਦੇ ਕਰੀਬ ਬੱਚੇ ਪੁੱਜੇ ਹਨ ਜਿਨ੍ਹਾਂ ਨੂੰ ਇਹੀ ਸਮੱਸਿਆ ਹੈ। ਉਨ੍ਹਾਂ ਦੇ ਖੂਨ ਦੇ ਟੈਸਟ ਕੀਤੇ ਜਾ ਰਹੇ ਹਨ।
ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਬੱਚਿਆਂ ਨੂੰ ਉਲਟੀਆਂ ਤੇ ਪੇਟ ਦਰਦ ਦਾ ਕਾਰਨ ਕੀ ਹੈ? ਐਸਐਮਓ ਡਾ: ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਾਰੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਘਟਨਾ ‘ਤੇ ਬੱਚਿਆਂ ਦੇ ਮਾਪਿਆਂ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਬਾਅਦ ਖਾਣਾ ਬਣਾਉਣ ਵਾਲੇ ਠੇਕੇਦਾਰ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਸਰਕਾਰੀ ਮੈਰੀਟੋਰੀਅਸ ਸਕੂਲ ‘ਚ ਦੇਰ ਰਾਤ 18 ਬੱਚਿਆਂ ਨੂੰ ਖ਼ਰਾਬ ਖਾਣਾ ਖਾਣ ਕਾਰਨ ਤਬੀਅਤ ਖ਼ਰਾਬ ਹੋਣ ਮਗਰੋਂ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ‘ਚੋਂ 14 ਬੱਚਿਆਂ ਨੂੰ ਮੁੱਢਲੀ ਸਹਾਇਤਾ ਪਿਛੋਂ ਛੁੱਟੀ ਦੇ ਦਿੱਤੀ ਗਈ ਸੀ, ਜਦਕਿ 4 ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਦਾਖ਼ਲ ਕਰਵਾਇਆ ਗਿਆ ਸੀ।
ਸ਼ਨੀਵਾਰ ਸਵੇਰੇ ਸਕੂਲ ਤੋਂ 20 ਬੱਚਿਆਂ ਨੂੰ ਦਾਖ਼ਲ ਕਰਵਾਇਆ ਗਿਆ। ਦਾਖ਼ਲ ਬੱਚਿਆਂ ‘ਚ ਪੇਟ ‘ਚ ਦਰਦ ਤੇ ਉਲਟੀਆਂ ਆਉਣ ਦੀਆਂ ਸ਼ਿਕਾਇਤਾਂ ਆਈਆਂ ਹਨ। ਹਸਪਤਾਲ ‘ਚ ਦਾਖ਼ਲ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾੜੀ ਕੁਆਲਿਟੀ ਦਾ ਖਾਣਾ ਦਿੱਤਾ ਜਾ ਰਿਹਾ ਹੈ। ਦਾਖਲ ਬੱਚਿਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਦੇ ਖਾਣੇ ‘ਚ ਕੀੜੇ-ਮਕੌੜੇ ਨਜ਼ਰ ਆ ਰਹੇ ਸਨ ਪਰ ਮੈੱਸ ਦੇ ਠੇਕੇਦਾਰ ਨੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਕੀੜੇ-ਮਕੌੜੇ ਵਾਲਾ ਭੋਜਨ ਪਰੋਸ ਦਿੱਤਾ।



