ਬਿਊਰੋ, ਪ੍ਰਾਈਮ ਪੋਸਟ ਪੰਜਾਬ
ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਕਸਬੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਟਿੱਕਰੀ ਪਿੰਡ ਨੇੜੇ ਵਾਪਰੇ ਇਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲੇ ਸਾਰੇ ਲੋਕ ਕੁਰੂਕਸ਼ੇਤਰ ਦੇ ਸਲਪਾਨੀ ਪਿੰਡ ਦੇ ਗੁਰਦੁਆਰੇ ਦੇ ਸੇਵਾਦਾਰ ਸਨ। ਕਾਰ ਵਿੱਚ ਕੁੱਲ ਅੱਠ ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਜ਼ੇਰੇ ਇਲਾਜ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮੰਗਲਵਾਰ ਰਾਤ ਕਰੀਬ 9 ਵਜੇ ਇਹ ਸਾਰੇ ਸੇਵਾਦਾਰ ਨੈਸ਼ਨਲ ਹਾਈਵੇਅ 152 ਡੀ ‘ਤੇ ਕਾਰ ‘ਚ ਸਵਾਰ ਹੋ ਕੇ ਪਿਹੋਵਾ ਤੋਂ ਗੁਰਦੁਆਰੇ ਵੱਲ ਜਾ ਰਹੇ ਸਨ। ਉਦੋਂ ਅਚਾਨਕ ਟਿੱਕਰੀ ਪਿੰਡ ਨੇੜੇ ਕਾਰ ਦੇ ਸਾਹਮਣੇ ਇੱਕ ਜਾਨਵਰ ਆਉਂਦਾ ਦਿਖਾਈ ਦਿੱਤਾ। ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਜਾ ਵੜੀ ਅਤੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨਾਲ ਟਕਰਾ ਗਈ। ਇਸ ਦੌਰਾਨ ਗੱਡੀ ਕਈ ਵਾਰ ਪਲਟ ਗਈ, ਜਿਸ ਕਾਰਨ ਪੰਜ ਸੇਵਾਦਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਤਿੰਨ ਵਿਅਕਤੀ ਹਸਪਤਾਲ ਵਿੱਚ ਦਾਖਲ ਹਨ ਜੋ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹਨ।
ਇਸ ਦਰਦਨਾਕ ਸੜਕ ਹਾਦਸੇ ਵਿੱਚ 24 ਸਾਲਾ ਬਾਬਾ ਮਨਦੀਪ ਸਿੰਘ, 40 ਸਾਲਾ ਬਾਬਾ ਗੁਰਵੇਜ਼ ਸਿੰਘ, 26 ਸਾਲਾ ਬਾਬਾ ਵਰਿੰਦਰ ਸਿੰਘ, 25 ਸਾਲਾ ਬਾਬਾ ਹਰਮਨ ਸਿੰਘ ਅਤੇ ਬਾਬਾ ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਹੋਵਾ ਥਾਣਾ ਇੰਚਾਰਜ ਮਨੀਸ਼ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚ ਗਈ।
ਇਸ ਤੋਂ ਬਾਅਦ ਗੱਡੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਪੰਜ ਮ੍ਰਿਤਕ ਸੇਵਾਦਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਜ਼ਖਮੀ ਵਿਅਕਤੀ ਜ਼ੇਰੇ ਇਲਾਜ ਹਨ।