ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਜਗਦੀਪ ਉਰਫ਼ ਜੱਗੂ ਭਗਵਾਨਪੁਰੀਆ ਦੀ ਬਠਿੰਡਾ ਜੇਲ੍ਹ ਵਿੱਚ ਜਾਨ ਨੂੰ ਖ਼ਤਰਾ ਹੈ। ਜੱਗੂ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਵੇਲੇ ਵੀ ਕਤਲ ਹੋ ਸਕਦਾ ਹੈ, ਇਸ ਲਈ ਉਸ ਨੂੰ ਬਠਿੰਡਾ ਤੋਂ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਭਗਵਾਨਪੁਰੀਆ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਪੰਜਾਬ ਦੇ ਏ.ਡੀ.ਜੀ. (ਜੇਲ੍ਹ) ਨੂੰ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਜੇਲ੍ਹ ਤੋਂ ਇਲਾਵਾ ਪੰਜਾਬ ਦੀ ਕਿਸੇ ਹੋਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ’ਤੇ 10 ਦਿਨਾਂ ਵਿੱਚ ਫ਼ੈਸਲਾ ਲੈਣ ਦੇ ਹੁਕਮ ਦਿੱਤੇ ਹਨ।
ਭਗਵਾਨਪੁਰੀਆ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ, ਦਿਲਪ੍ਰੀਤ ਬਾਬਾ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ ਅਤੇ ਹੋਰ ਕਈ ਗੈਂਗਸਟਰਾਂ ਤੋਂ ਆਪਣੀ ਜਾਨ ਨੂੰ ਖਤਰਾ ਹੈ। ਭਗਵਾਨਪੁਰੀਆ ਅਨੁਸਾਰ ਖ਼ਤਰਾ ਸਿਰਫ਼ ਗਰੋਹ ਦੇ ਆਗੂਆਂ ਤੱਕ ਹੀ ਸੀਮਤ ਨਹੀਂ, ਸਗੋਂ ਉਨ੍ਹਾਂ ਦੇ ਸਮਰਥਕਾਂ ਤੋਂ ਵੀ ਹੈ, ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਦਾ ਸਹਾਰਾ ਲੈ ਕੇ ਇਨ੍ਹਾਂ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਹਾਈ ਕੋਰਟ ਦੇ ਜਸਟਿਸ ਵਿਕਾਸ ਸੂਰੀ ਨੇ ਭਗਵਾਨਪੁਰੀਆ ਦੀ ਤਰਫੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਇਹ ਹੁਕਮ ਦਿੱਤਾ ਹੈ।
ਫਿਲਹਾਲ ਭਗਵਾਨਪੁਰੀਆ ਮੋਹਾਲੀ ਪੁਲਸ ਦੀ ਹਿਰਾਸਤ ‘ਚ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਮੁੜ ਬਠਿੰਡਾ ਜੇਲ੍ਹ ਭੇਜਿਆ ਗਿਆ ਤਾਂ ਉੱਥੇ ਉਸ ਦਾ ਕਤਲ ਕਰ ਦਿੱਤਾ ਜਾਵੇਗਾ ਕਿਉਂਕਿ ਉੱਥੇ ਹੋਰ ਵੀ ਕਈ ਗੈਂਗ ਦੇ ਮੈਂਬਰ ਬੰਦ ਹਨ। ਉਹ ਉਨ੍ਹਾਂ ਦਾ ਨਿਸ਼ਾਨਾ ਹੈ। ਉਨ੍ਹਾਂ ਇਸ ਸਬੰਧੀ 21 ਸਤੰਬਰ ਨੂੰ ਸੂਬੇ ਦੇ ਜੇਲ੍ਹ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਭਗਵਾਨਪੁਰੀਆ ਦੇ ਵਕੀਲ ਆਰ. ਕਾਰਤੀਕੇਯ ਨੇ ਬੈਂਚ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੇ ਅਜਿਹੀ ਧਮਕੀ ਦਾ ਜ਼ਿਕਰ ਕੀਤਾ ਹੈ ਪਰ ਅਜਿਹੀਆਂ ਕਈ ਘਟਨਾਵਾਂ ਹਨ ਜਿਨ੍ਹਾਂ ਨੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕੀਤੀਆਂ ਸਨ। ਉਹ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਅਤੇ ਦਿਲਪ੍ਰੀਤ ਬਾਬਾ ਗੈਂਗ ਨਾਲ ਜੁੜੇ ਕੁਝ ਗੈਂਗਸਟਰਾਂ ਦਾ ਨਿਸ਼ਾਨਾ ਸੀ।

