ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੁਹਾਲੀ, 18 ਸਤੰਬਰ, 2023 : ਪੰਜਾਬ ਵਿਜੀਲੈਂਸ ਬਿਉਰੇ ਨੇ ਸੋਮਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਭਾਜਪਾ ਨੇਤਾ ਅਤੇ ਕਾਂਗਰਸ ਦੀ ਸਾਬਕਾ ਵਿਧਾਇਕ ਸ੍ਰੀਮਤੀ ਸਤਿਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਪਤੀ ਲਾਡੀ ਗਹਿਰੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਗ੍ਰਿਫ਼ਤਾਰੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਿਲੀ ਇੱਕ ਸ਼ਿਕਾਇਤ ਤੋਂ ਬਾਅਦ ਜਾਂਚ ਦੇ ਆਧਾਰ ’ਤੇ ਕੀਤੀ ਗਈ ਹੈ। ਇਹ ਦਾਅਵਾ ਵਿਜੀਲੈਂਸ ਬਿਓਰੋ ਦੇ ਐੱਸ.ਐੱਸ.ਪੀ. ਸ: ਗੁਰਮੀਤ ਸਿੰਘ ਨੇ ਕੀਤਾ ਹੈ। ਇਸ ਤੋਂ ਪਹਿਲਾਂ ਸਤਿਕਾਰ ਕੌਰ ਤੋਂ ਮਾਰਚ, 2023 ਵਿੱਚ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਗਈ ਸੀ।
ਸੂਤਰਾਂ ਅਨੁਸਾਰ ਸਤਿਕਾਰ ਕੌਰ ਨੂੂੰ ਉਸਦੇ ਮੁਹਾਲੀ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਲਾਡੀ ਗਹਿਰੀ ਨੂੰ ਫਿਰੋਜ਼ਪੁਰ ਵਿੱਚ ਉਨ੍ਹਾਂ ਦੇ ਨਿਵਾਸ ਤੋਂ ਹਿਰਾਸਤ ਵਿੱਚ ਲਿਆ ਗਿਆ। ਪਤਾ ਲੱਗਾ ਹੈ ਕਿ ਸਤਿਕਾਰ ਕੌਰ ਨੂੰ ਵੀ ਗ੍ਰਿਫ਼ਤਾਰੀ ਉਪਰੰਤ ਫਿਰੋਜ਼ਪੁਰ ਲਿਜਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2012 ਵਿੱਚ ਸਤਿਕਾਰ ਕੌਰ ਨੂੰ ਪਹਿਲੀ ਵਾਰ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਕਾਂਗਰਸ ਟਿਕਟ ਦਿੱਤੀ ਗਈ ਸੀ ਪਰ ਉਹ ਇਹ ਚੋਣ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਤੋਂ ਕੇਵਲ 16 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ ਜਦਕਿ 2017 ਵਿੱਚ ਮੁੜ ਕਾਂਗਰਸ ਟਿਕਟ ’ਤੇ ਹੀ ਚੋਣ ਲੜਕੇ ਉਨ੍ਹਾਂ ਨੇ ਸ: ਜਿੰਦੂ ਨੂੰ 23 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਇਸ ਦੇ ਬਾਵਜੂਦ 2022 ਵਿੱਚ ਜਦ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

