ਸੰਜੀਵ ਜਿੰਦਲ ( Prime Post Punjab)
ਮਾਨਸਾ, 16 ਸਤੰਬਰ 2023 : ਸਥਾਨਕ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ‘ਭਾਰਤੀ ਕਲਾ ਤੇ ਸੰਸਕ੍ਰਿਤੀ ਪ੍ਰਦਰਸ਼ਨੀ’ ਆਯੋਜਿਤ ਕੀਤੀ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਪੇਂਟਿੰਗਜ਼ ਅਤੇ ਕਰਾਫਟ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ।
ਇਸ ਪ੍ਰਦਰਸ਼ਨੀ ਦਾ ਉਦੇਸ਼ ਦੇਸ਼ ਭਰ ਦੇ ਵਿਭਿੰਨ ਰਾਜਾਂ ਦੀ ਕਲਾਤਮਕ ਸੰਸਕ੍ਰਿਤੀ ਨੂੰ ਵਿਦਿਆਰਥੀਆਂ ਅਤੇ ਲੋਕਾਂ ਦੇ ਰੂ-ਬ-ਰੂ ਕਰਾਉਣਾ ਹੈ। ਇਸ ਪ੍ਰਦਰਸ਼ਨੀ ਵਿੱਚ ਰਾਜਸਥਾਨ ਦੀ ਭੀਲ ਪੇਂਟਿੰਗ ਅਤੇ ਫੋਟੋ ਫਰੇਮ, ਆਂਧਰਾ ਪ੍ਰਦੇਸ਼ ਦੀ ਕਾਲਮਕਾਰੀ ਅਤੇ ਵਾਲ ਹੈਂਗਿਗ, ਬਿਹਾਰ ਦੀ ਮਧੂਵਾਣੀ ਅਤੇ ਬੁਕਮਾਰਕ, ਵੇਸਟ ਬੰਗਾਲ ਦੀ ਕਾਲੀਘਾਟ ਅਤੇ ਪੈਨ ਸਟੈਂਡ, ਗੁਜਰਾਤ ਦੀ ਪਿਠੌਰਾ ਅਤੇ ਲਿੱਪਨ ਆਰਟ, ਮਹਾਰਾਸ਼ਟਰ ਦੀ ਵਰਲੀ ਅਤੇ ਪੋਟ ਡੈਕੋਰੇਸ਼ਨ ਆਦਿ ਨੂੰ ਕਲਾ ਦੇ ਮਾਧਿਅਮ ਨਾਲ ਦਰਸ਼ਾਇਆ ਗਿਆ।
ਇਸ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਵੱਲੋਂ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤੀਆਂ ਦੇ ਸਬੰਧ ਵਿੱਚ ਵਿਭਿੰਨ ਪ੍ਰਸ਼ਨ ਕੀਤੇ ਅਤੇ ਇਸੇ ਤਰ੍ਹਾਂ ਕਲਾ ਤੇ ਸੰਸਕ੍ਰਿਤੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਆਰਟ ਅਤੇ ਕਰਾਫਟ ਦੇ ਮਾਧਿਅਮ ਨਾਲ ਬੱਚਿਆਂ ਵਿੱਚ ਏਕਾਗਰਤਾ, ਰੰਗਾਂ ਤੇ ਅੱਖਰਾਂ ਦੀ ਸਮਝ ਨਾਲ ਰਚਨਾਤਮਕਤਾ ਵੀ ਵੱਧਦੀ ਹੈ। ਇਸਤੋਂ ਇਲਾਵਾ ਵਿਦਿਆਰਥੀਆਂ ਵਿੱਚ ਕਰਾਫਟ ਰਾਹੀਂ ਪੂਰਵ ਯੋਜਨਾ ਬਣਾਉਣ ਦੀ ਸਮਝ ਵੀ ਵੱਧਦੀ ਹੈ, ਜੋ ਭਵਿੱਖ ਵਿੱਚ ਬੱਚਿਆਂ ਲਈ ਕਾਰਗਰ ਸਾਬਤ ਹੁੰਦੀ ਹੈ।