ਖੇਡਾਂ ਵਤਨ ਪੰਜਾਬ ਦੀਆਂ ਵਿਚ ਸਿੱਖਿਆ ਵਿਭਾਗ ਅਤੇ ਸਰੀਰਿਕ ਸਿੱਖਿਆ ਅਧਿਆਪਕਾਂ ਦਾ ਅਹਿਮ ਰੋਲ : ਸੰਜੀਵ ਕੁਮਾਰ
ਸੰਜੀਵ ਜਿੰਦਲ ( Prime Post Punjab)
ਬਠਿੰਡਾ, 29 ਅਗਸਤ 2023 : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਸੀਜ਼ਨ ਦੇ ਉਦਘਾਟਨੀ ਸਮਾਰੌਹ ਮੌਕੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਡੀ.ਪੀ.ਆਈ. ਸੈਕੰਡਰੀ ਸਿੱਖਿਆ ਸ੍ਰ ਸੰਜੀਵ ਕੁਮਾਰ ਸ਼ਰਮਾ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ) ਸ਼ਿਵਪਾਲ ਗੋਇਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇ. ਸਿੱ) ਭੁਪਿੰਦਰ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਇਕਬਾਲ ਸਿੰਘ ਬੁੱਟਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇ. ਸਿੱ) ਮਹਿੰਦਰਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡੀ.ਪੀ.ਆਈ. ਸ੍ਰ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਅਹਿਮ ਰੋਲ ਹੈ। ਪੰਜਾਬ ਸਰਕਾਰ ਵੱਲੋਂ ਖੇਡ ਮੈਦਾਨਾਂ ਦੀ ਰੌਣਕ ਵਧਾਉਣ ਅਤੇ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਵੱਡੇ ਪੱਧਰ ’ਤੇ ਖੇਡਾਂ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦਾ ਇੰਨ੍ਹਾਂ ਖੇਡਾਂ ਵਿਚ ਅਹਿਮ ਰੋਲ ਹੈ, ਕਿਊਂਕਿ ਖਿਡਾਰੀ ਸਕੂਲਾਂ ਵਿਚੋਂ ਹੀ ਨਿੱਕਲਦੇ ਹਨ। ਕਿਸੇ ਵਿਦਿਆਰਥੀ ਦੇ ਖਿਡਾਰੀ ਬਣਨ ਵਿਚ ਅਧਿਆਪਕਾਂ ਦੀ ਪ੍ਰੇਰਨਾ ਦਾ ਅਹਿਮ ਯੋਗਦਾਨ ਹੁੰਦਾ ਹੈ। ਵਿਦਿਆਰਥੀ ਦਾ ਸਹੀ ਮਾਰਗ ਦਰਸ਼ਨ ਉਸ ਦੇ ਭਵਿੱਖ ਲਈ ਬਹੁਤ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਸਮਾਗਮ ਵਿਚ ਵਿਚ ਵੀ ਅਧਿਆਪਕਾਂ ਅਹਿਮ ਜਿੰਮੇਵਾਰੀ ਅਦਾ ਕਰ ਰਹੇ ਹਨ। ਇਸੇ ਲਈ ਉਹ ਖੁਦ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਲਈ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਆਮਦ ਮੌਕੇ ਸਰੀਰਿਕ ਸਿੱਖਿਆ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕਿਊਂਕਿ ਸਰੀਰਿਕ ਸਿੱਖਿਆ ਅਧਿਆਪਕ ਸਰੀਰਿਕ ਗਤੀਵਿਧੀਆਂ ਅਤੇ ਖੇਡਾਂ ਨਾਲ ਵਿਦਿਆਰਥੀਆਂ ਨੂੰ ਜੋੜ ਕੇ ਰੱਖਦੇ ਹਨ। ਸਮਾਗਮ ਵਿਚ ਸਰੀਰਿਕ ਸਿੱਖਿਆ ਅਧਿਆਪਕਾਂ ਦੀ ਮੌਜੂਦਗੀ ਉਨ੍ਹਾਂ ਲਈ ਪ੍ਰੇਰਨਾਸ੍ਰੋਤ ਅਤੇ ਉਤਸ਼ਾਹ ਭਰੀ ਹੋਵੇਗੀ ਅਤੇ ਭਵਿੱਖ ਵਿਚ ਉਹ ਵਿਦਿਆਰਥੀਆਂ ਦੇ ਖੇਡਾਂ ਅਤੇ ਸਰੀਰਿਕ ਗਤੀਵਿਧੀਆਂ ਸਬੰਧੀ ਹੋਰ ਗਿਆਨ ਵਿਚ ਵਾਧਾ ਕਰ ਸਕਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ, ਸੈਕਸ਼ਨ ਅਫ਼ਸਰ ਗੁਰਸੇਵਕ ਸਿੰਘ ਸਿੱਧੂ, ਲੈਕਚਰਾਰ ਮਨਦੀਪ ਕੌਰ, ਗੁਰਮੀਤ ਸਿੰਘ ਮਾਨ ਹਾਜ਼ਰ ਸਨ।