ਬਿਊਰੋ, ਪ੍ਰਾਈਮ ਪੋਸਟ ਪੰਜਾਬ
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਮਹੀਨੇ 8 ਤੋਂ 11 ਜੁਲਾਈ ਤੱਕ ਭਾਰੀ ਮੀਂਹ ਕਰਕੇ ਹੜ੍ਹ ਆ ਗਿਆ ਸੀ। ਇਸ ਹੜ੍ਹ ਵਿਚ ਪੰਜਾਬ ਰੋਡਵੇਜ਼ ਦੀ ਬੱਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਯਾਤਰੀਆਂ ਸਮੇਤ ਇਹ ਬੱਸ ਬਿਆਸ ਦਰਿਆ ਵਿਚ ਰੁੜ੍ਹ ਗਈ ਸੀ। ਹੁਣ ਤਾਜ਼ਾ ਖ਼ਬਰ ਮੁਤਾਬਕ ਬਿਆਸ ਦਰਿਆ ਵਿੱਚ ਰੁੜ੍ਹੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚੋਂ ਹੁਣ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਸੋਮਵਾਰ ਨੂੰ ਮਨਾਲੀ ਪ੍ਰਸ਼ਾਸਨ-ਪੁਲਿਸ ਨੇ ਚਾਰ ਘੰਟੇ ਤੱਕ ਬਚਾਅ ਮੁਹਿੰਮ ਚਲਾ ਕੇ ਲਾਸ਼ਾਂ ਨੂੰ ਬੱਸ ‘ਚੋਂ ਕੱਢਣ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਤਿੰਨੋਂ ਲਾਸ਼ਾਂ ਇੱਕੋ ਪਰਿਵਾਰ- ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦੀ ਪਛਾਣ ਅਬਦੁਲ (62), ਉਸ ਦੀ ਨੂੰਹ ਪ੍ਰਵੀਨ (32) ਅਤੇ ਪੋਤੀ ਅਲਵੀਰ (5) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮਨਾਲੀ ਵਿੱਚ ਆਲੂ ਗਰਾਊਂਡ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹੜ੍ਹ ਵਿੱਚ ਰੁੜ੍ਹ ਗਈ। ਉਸ ਦੌਰਾਨ ਬੱਸ ਵਿੱਚ ਕੰਡਕਟਰ ਤੇ ਡਰਾਈਵਰ ਸਮੇਤ ਕੁੱਲ 13 ਲੋਕ ਸਵਾਰ ਸਨ। ਬੱਸ ਡਰਾਈਵਰ ਤੇ ਕੰਡਕਟਰ ਦੀਆਂ ਲਾਸ਼ਾਂ ਮੰਡੀ ‘ਚ ਪਹਿਲਾਂ ਹੀ ਬਰਾਮਦ ਕਰ ਲਈਆਂ ਸਨ, ਹੁਣ ਤਿੰਨ ਲਾਸ਼ਾਂ ਮਿਲੀਆਂ ਹਨ ਅਤੇ 9 ਲੋਕ ਅਜੇ ਵੀ ਲਾਪਤਾ ਹਨ।

