ਕਿਹਾ ਕਿ ਮੇਰੇ ਖਤਾਂ ਦਾ ਜਲਦੀ ਜਵਾਬ ਦਿਓ ਨਹੀਂ ਤਾਂ ਇਸ ਨੂੰ ਸੰਵਿਧਾਨ ਦੀ ਉਲੰਘਣਾ ਮੰਨਿਆ ਜਾਵੇਗਾ
ਰਾਜਪਾਲ ਦਾ ਇੱਕੋ-ਇੱਕ ਏਜੰਡਾ ਚੁਣੀ ਹੋਈ ਸਰਕਾਰ ਦੇ ਕੰਮ ‘ਚ ਅੜਿੱਕਾ ਪੈਦਾ ਕਰਨਾ : ਮਾਲਵਿੰਦਰ ਸਿੰਘ ਕੰਗ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 25 ਜੁਲਾਈ 2023 : ਰਾਜਪਾਲ ਬੀਐਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਕਾਰ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਰਾਜਪਾਲ ਨੇ ਦੁਹਰਾਇਆ ਕਿ 19-20 ਜੂਨ ਨੂੰ ਬੁਲਾਇਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਗੈਰ-ਕਾਨੂੰਨੀ ਸੀ। ਰਾਜਪਾਲ ਨੇ ਲਿਖਿਆ ਕਿ ਮੇਰੀਆਂ ਚਿੱਠੀਆਂ ਦਾ ਜਲਦੀ ਜਵਾਬ ਦਿਓ, ਜਿਨ੍ਹਾਂ ਨੂੰ ਤੁਸੀਂ ਵਿਧਾਨ ਸਭਾ ਵਿੱਚ ਪ੍ਰੇਮ ਪੱਤਰ ਕਿਹਾ ਸੀ।’ ਨਹੀਂ ਤਾਂ ਇਸ ਨੂੰ ਸੰਵਿਧਾਨ ਦੀ ਧਾਰਾ 167 ਦੀ ਸਪੱਸ਼ਟ ਉਲੰਘਣਾ ਮੰਨਿਆ ਜਾਵੇਗਾ। ਰਾਜਪਾਲ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਮੇਰੇ ਕੋਲ ਪਹੁੰਚ ਰਹੀਆਂ ਹਨ। ਇੱਕ ਗਵਰਨਰ ਹੋਣ ਦੇ ਨਾਤੇ, ਮੈਂ ਇੱਕ ਸੰਵਿਧਾਨਕ ਅਥਾਰਟੀ ਹਾਂ।ਅਜਿਹੀ ਸਥਿਤੀ ਵਿੱਚ, ਤੁਸੀਂ ਮੇਰੇ ਪੱਤਰਾਂ ਦਾ ਜਵਾਬ ਦੇਣ ਲਈ ਪਾਬੰਦ ਹੋ। ਰਾਜਪਾਲ ਬੀਐਲ ਪੁਰੋਹਿਤ ਨੇ ਕਿਹਾ ਕਿਵਿਸ਼ੇਸ਼ ਸੈਸ਼ਨ ਵਿੱਚ 4 ਬਿੱਲਾਂ ਨੂੰ ਗੈਰ-ਕਾਨੂੰਨੀ ਕਹਿਣਾ ਮੇਰੀ ਰਾਏ ਨਹੀਂ ਸੀ, ਇਹ ਮਾਹਰਾਂ ਦੀ ਰਾਏ ਸੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਮੰਦਭਾਗਾ ਹੈ ਕਿ ਰਾਜਪਾਲ ਨੂੰ ਨਹੀਂ ਪਤਾ ਕਿ ਸੈਸ਼ਨ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ।ਰਾਜਪਾਲ ਬੀ.ਐੱਲ. ਪੁਰੋਹਿਤ ਦੇ ਨਵੇਂ ਪੱਤਰ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਰਾਜਪਾਲ ਦਾ ਇੱਕੋ-ਇੱਕ ਏਜੰਡਾ ਚੁਣੀ ਹੋਈ ਸਰਕਾਰ ਦੇ ਕੰਮ ‘ਚ ਅੜਿੱਕਾ ਪੈਦਾ ਕਰਨਾ ਹੈ। ਰਾਜਪਾਲ ਪੰਜਾਬ ਵਿੱਚ ਭਾਜਪਾ ਦੇ ਏਜੰਡੇ ਨੂੰ ਲਾਗੂ ਕਰ ਰਹੇ ਹਨ। ਦੋ ਦਿਨਾ ਸੈਸ਼ਨ ਪੂਰੀ ਤਰ੍ਹਾਂ ਸੰਵਿਧਾਨਕ ਸੀ।

