ਬਿਊਰੋ, ਪ੍ਰਾਈਮ ਪੋਸਟ ਪੰਜਾਬ
ਹਿਮਾਚਲ ਪ੍ਰਦੇਸ਼ ‘ਚ ਤੀਜੇ ਦਿਨ ਵੀ ਭਾਰੀ ਮੀਂਹ ਜਾਰੀ ਹੈ। ਸ਼ਿਮਲਾ ਜ਼ਿਲੇ ਦੀ ਠੀਓਗ ਤਹਿਸੀਲ ਦੇ ਪਲਵੀ ਪਿੰਡ ‘ਚ ਅੱਜ ਸਵੇਰੇ 11 ਵਜੇ ਜ਼ਮੀਨ ਖਿਸਕਣ ਨਾਲ ਇਕ ਘਰ ਢਹਿ ਗਿਆ। ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪ ਬਹਾਦਰ, ਦੇਵਦਾਸੀ ਅਤੇ ਮੋਹਨ ਬਹਾਦਰ ਵਜੋਂ ਹੋਈ ਹੈ। ਬਿਲਾਸਪੁਰ ਜ਼ਿਲੇ ‘ਚ ਸ਼੍ਰੀ ਨੈਣਾ ਦੇਵੀ ਦੇ ਪਿੰਡ ਮਲੇਟਾ ‘ਚ ਵਿਆਹ ਸਮਾਗਮ ਤੋਂ ਪਰਤ ਰਿਹਾ ਇਕ ਬਜ਼ੁਰਗ ਨਾਲੇ ‘ਚ ਰੁੜ੍ਹ ਗਿਆ। ਬਜ਼ੁਰਗ ਵਿਅਕਤੀ ਦੀ ਲਾਸ਼ ਕਰੀਬ ਦੋ ਕਿਲੋਮੀਟਰ ਦੂਰ ਕਾਲਾਕੁੰਡ ਨਾਮਕ ਸਥਾਨ ‘ਤੇ ਗੋਬਿੰਦ ਸਾਗਰ ਝੀਲ ‘ਚੋਂ ਮਿਲੀ। ਮ੍ਰਿਤਕ ਦੀ ਪਛਾਣ ਰਾਮਲਾਲ (70) ਵਾਸੀ ਪਿੰਡ ਮਲੇਟਾ ਤਹਿਸੀਲ ਸ਼੍ਰੀ ਨੈਣਾ ਦੇਵੀ , ਜ਼ਿਲ੍ਹਾ ਬਿਲਾਸਪੁਰ ਵਜੋਂ ਹੋਈ ਹੈ। ਇਸੇ ਤਰ੍ਹਾਂ ਮਨਾਲੀ ਵਿੱਚ ਤਿੰਨ ਵੋਲਵੋ ਬੱਸਾਂ ਦੇ ਰੁੜ੍ਹ ਜਾਣ ਦੀ ਖ਼ਬਰ ਹੈ।
6 ਨੈਸ਼ਨਲ ਹਾਈਵੇਅ ਸਮੇਤ 828 ਸੜਕਾਂ ਯਾਤਾਯਾਤ ਲਈ ਬੰਦ ਹਨ। 4686 ਬਿਜਲੀ ਦੇ ਟਰਾਂਸਫਾਰਮਰ ਠੱਪ ਹੋ ਚੁੱਕੇ ਹਨ। ਕੁੱਲੂ ਵਿੱਚ ਦੋ ਦਿਨ ਦੀ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀਸੀ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਕੁੱਲੂ ਦੇ ਅਖਾੜਾ ਬਾਜ਼ਾਰ ਵਿੱਚ ਸਥਿਤ ਬੇਲੀ ਪੁਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਆਵਾਜਾਈ ਰੋਕ ਦਿੱਤੀ ਗਈ ਹੈ। ਸੋਲਨ ਜ਼ਿਲ੍ਹੇ ਦੇ ਸਨਅਤੀ ਖੇਤਰ ਪਰਵਾਨੂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।
ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਦੇ ਕੋਲ ਜ਼ਮੀਨ ਖਿਸਕਣ ਕਾਰਨ ਹਾਈਵੇਅ ਬੰਦ ਹੋ ਗਿਆ ਹੈ, ਜਿਸ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ ਹੈ। ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਮਲਬਾ ਹਟਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਜ਼ਮੀਨ ਖਿਸਕਣ ਕਾਰਨ ਕੀਰਤਪੁਰ ਨੇਰਚੋਕ ਫੋਰਲੇਨ ਸਮੇਤ 35 ਸੰਪਰਕ ਮਾਰਗ ਬੰਦ ਹਨ। ਜਲ ਸ਼ਕਤੀ ਵਿਭਾਗ ਦੀਆਂ 87 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਮਲਬਾ ਭਰਨ ਕਾਰਨ ਠੱਪ ਹੋ ਗਈਆਂ ਹਨ। ਵਿਭਾਗ ਨੂੰ ਕਰੀਬ 12 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਨਾਲ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ ਹੈ।