ਟਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ,ਕਈ ਸੜਕਾਂ ਬੰਦ
ਆਮ ਲੋਕਾਂ ਨੂੰ ਸੁਖਨਾ ਝੀਲ, ਚੋਅ, ਤਾਲਾਬ ਆਦਿ ਨੇੜੇ ਜਾਣ ਦੀ ਮਨਾਹੀ
ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ,ਕੰਟਰੋਲ ਰੂਮਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਹੁਕਮ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ,10 ਜੁਲਾਈ 2023 : ਚੰਡੀਗੜ੍ਹ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਵਿੱਚ 96 ਮਿਲੀਮੀਟਰ ਮੀਂਹ ਪਿਆ ਹੈ। ਸੁਖਨਾ ਲੇਕ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚੀ ਹੋਈ ਹੈ, ਇਸ ਲਈ ਇਸ ਦੇ 2 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਸ਼ਹਿਰ ਦੀਆਂ ਕਈ ਸੜਕਾਂ (ਰੇਲਵੇ ਅੰਡਰਪਾਸ ਨੇੜੇ ਸੀ.ਟੀ.ਯੂ. ਵਰਕਸ਼ਾਪ ਇੰਡਸਟਰੀਅਲ ਏਰੀਆ, ਡੱਡੂ ਮਾਜਰਾ ਤੋਂ ਪਟਿਆਲਾ ਦੀ ਰਾਓ ਨਦੀ ਦੇ ਉੱਪਰ ਮੁੱਲਾਂਪੁਰ ਵੱਲ ਜਾਣ ਵਾਲਾ ਰਸਤਾ ਅਤੇ ਸੈਕਟਰ-14 ਅਤੇ ਸੈਕਟਰ-15 ਵਿਚਕਾਰ ਡਿਵਾਈਡਰ ਰੋਡ) ਨੂੰ ਬੰਦ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਧਿਆਨ ਨਾਲ ਗੱਡੀ ਚਲਾਓ। ਚੰਡੀਗੜ੍ਹ ਦੀ ਜ਼ਿਲ੍ਹਾ ਐਮਰਜੈਂਸੀ ਮੈਨੇਜਮੈਂਟ ਅਥਾਰਟੀ ਨੇ ਵੀ ਹੁਕਮ ਜਾਰੀ ਕਰ ਦਿੱਤੇ ਹਨ।ਆਮ ਲੋਕਾਂ ਨੂੰ ਸੁਖਨਾ ਝੀਲ, ਚੋਅ, ਤਾਲਾਬ ਆਦਿ ਨੇੜੇ ਜਾਣ ਦੀ ਮਨਾਹੀ ਕੀਤੀ ਗਈ ਹੈ।
ਸਿਵਲ ਅਥਾਰਟੀ ਅਤੇ ਮਿਊਂਸੀਪਲ ਇੰਜਨੀਅਰਿੰਗ ਵਿਭਾਗ ਆਦਿ ਨੂੰ ਮੀਂਹ ਕਾਰਨ ਡਿੱਗੇ ਦਰੱਖਤਾਂ ਅਤੇ ਬੂਟਿਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।ਮੌਸਮ ਵਿਭਾਗ ਦੇ ਅਲਰਟ ਦੇ ਮੱਦੇਨਜ਼ਰ ਨਗਰ ਨਿਗਮ ਨੇ ਪੂਰੇ ਸ਼ਹਿਰ ਨੂੰ 18 ਜ਼ੋਨਾਂ ਵਿੱਚ ਵੰਡ ਕੇ ਹਰੇਕ ਜ਼ੋਨ ਲਈ ਇੱਕ ਟੀਮ ਦਾ ਗਠਨ ਕੀਤਾ ਹੈ। ਇਹ ਟੀਮ 24 ਘੰਟੇ ਆਪਣੇ ਖੇਤਰ ਵਿੱਚ ਤਾਇਨਾਤ ਰਹੇਗੀ। ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸਾਰੇ ਐਮਰਜੈਂਸੀ ਕੰਟਰੋਲ ਰੂਮਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਹੁਕਮ ਦਿੱਤੇ ਗਏ ਹਨ।ਮੋਹਾਲੀ ਤੋਂ ਬਾਅਦ ਐਤਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ NDRF ਟੀਮ ਨੂੰ ਬੁਲਾਉਣ ਦੀ ਮੰਗ ਕੀਤੀ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਦਾ ਹਵਾਲਾ ਦਿੰਦਿਆਂ NDRF ਨੂੰ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ।

