ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 3 ਜੁਲਾਈ 2023 : ਹਰਿਆਣਾ ‘ਚ ਸਰਕਾਰ 45 ਤੋਂ 60 ਸਾਲ ਤੱਕ ਦੇ ਅਣਵਿਆਹੇ ਮਰਦਾਂ ਅਤੇ ਔਰਤਾਂ ਨੂੰ ਪੈਨਸ਼ਨ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇਸ ਅਨੋਖੀ ਯੋਜਨਾ ‘ਤੇ ਕਰੀਬ ਇਕ ਮਹੀਨੇ ਦੇ ਅੰਦਰ ਫੈਸਲਾ ਲਵੇਗੀ।ਲੋਕਾਂ ਨਾਲ ਵਿਚਾਰ ਚਰਚਾ ਦੌਰਾਨ ਇੱਕ 60 ਸਾਲਾ ਅਣਵਿਆਹੇ ਬਜ਼ੁਰਗ ਨੇ ਮੁੱਖ ਮੰਤਰੀ ਨੂੰ ਪੈਨਸ਼ਨ ਸਬੰਧੀ ਸ਼ਿਕਾਇਤ ਪੇਸ਼ ਕੀਤੀ, ਜਿਸ ’ਤੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ।
ਸੀਐਮਓ ਅਧਿਕਾਰੀਆਂ ਮੁਤਾਬਕ ਇਸ ਪੈਨਸ਼ਨ ਦਾ ਲਾਭ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੋਵੇਗੀ। ਇਸ ਨਵੀਂ ਪੈਨਸ਼ਨ ਸਕੀਮ ਵਿੱਚ ਕਰੀਬ 1.25 ਲੱਖ ਲੋਕ ਆ ਰਹੇ ਹਨ।ਜੇਕਰ ਇਹ ਯੋਜਨਾ ਲਾਗੂ ਹੋ ਜਾਂਦੀ ਹੈ, ਤਾਂ ਹਰਿਆਣਾ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦੇਣ ਵਾਲਾ ਪਹਿਲਾ ਸੂਬਾ ਹੋਵੇਗਾ। ਹਾਲਾਂਕਿ, ਸੀਐਮ ਮਨੋਹਰ ਲਾਲ ਇਸ ਯੋਜਨਾ ਨੂੰ ਲਾਗੂ ਕਰਨ ਲਈ ਪਹਿਲਾਂ ਹੀ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਚੁੱਕੇ ਹਨ। ਇਸ ਲਈ ਸੰਭਾਵਨਾ ਹੈ ਕਿ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਅਧਿਕਾਰੀ ਇਸ ਨੂੰ ਲਾਗੂ ਕਰਨਾ ਸ਼ੁਰੂ ਕਰ ਦੇਣਗੇ।

